ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਕਿੱਲੋ ਹੈਰੋਇਨ ਅਤੇ 88 ਕਿੱਲੋ ਚੂਰਾ ਪੋਸਤ ਸਮੇਤ 6 ਤਸਕਰ ਕਾਬੂ
ਜਲੰਧਰ – ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡਰੱਗ ਸਮੱਗਲਿੰਗ ਦੇ ਦੋਸ਼ਾਂ ‘ਚ ਸ਼ਾਮਲ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਡਰੱਗ ਸਮੱਗਲਰਾਂ ‘ਚ 3 ਨਾਈਜੀਰੀਅਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਵੱਖ-ਵੱਖ ਕੇਸਾਂ ਅਤੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਤੋਂ 2 ਕਿਲੋ 325 ਹੈਰੋਇਨ ਸਮੇਤ 88 ਕਿਲੋ ਚੂਰਾਪੋਸਤ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸਾਰੀਆਂ ਗ੍ਰਿਫਤਾਰੀਆਂ ਥਾਣਾ ਕਰਤਾਰਪੁਰ, ਭੋਗਪੁਰ ਅਤੇ ਸ਼ਾਹਕੋਟ ਇਲਾਕਿਆਂ ‘ਚ ਲਗਾਏ ਗਏ ਵੱਖ-ਵੱਖ ਨਾਕਿਆਂ ਤੋਂ ਹੋਈਆਂ ਹਨ। ਫੜੇ ਗਏ ਸਮੱਗਲਰ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਈ ਕੇਸਾਂ ‘ਚ ਸ਼ਾਮਲ ਹਨ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਤਿੰਨੋਂ ਨਾਈਜੀਰੀਅਨ ਵਿਅਕਤੀ ਬਿਜ਼ਨੈੱਸ ਵੀਜ਼ਾ ਲੈ ਕੇ ਭਾਰਤ ਆਏ ਸਨ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ, ਸਾਹਕੋਟ ਦੇ ਕਈ ਇਲਾਕਿਆਂ ‘ਚ ਸਪਲਾਈ ਦੇਣ ਆਏ ਸਨ। ਇਨ੍ਹਾਂ ਸਾਰਿਆਂ ਦੇ ਵੀਜ਼ੇ ਖਤਮ ਹੋ ਚੁੱਕੇ ਹਨ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਾਲ ਜਲੰਧਰ ਦਿਹਾਤੀ ਪੁਲਸ ਨੇ ਹੁਣ ਤੱਕ 25 ਨਾਈਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਉਥੇ ਹੀ ਜਲੰਧਰ ਦਿਹਾਤੀ ਪੁਲਸ ਨੇ ਇਸ ਸਾਲ 37 ਕਿਲੋ 444 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਹੈ।