ਪੰਜਾਬ ਸਾਵਣ ਬੰਪਰ ਨੇ ਪੀਜੀਆਈ ‘ਚ ਨੌਕਰੀ ਕਰਦੇ ਜੋੜੇ ‘ਤੇ ਲਾਈ ਖੁਸ਼ੀਆਂ ਦੀ ਝੜੀ
ਪਤਨੀ ਦੀ ਜ਼ਿੱਦ ‘ਤੇ ਖਰੀਦੀ ਟਿਕਟ ਨੇ ਮੱਧ ਵਰਗੀ ਪਰਿਵਾਰ ਨੂੰ ਬਣਾਇਆ ਕਰੋੜਪਤੀ
ਚੰਡੀਗੜ – ਕੀ ਤੁਸੀਂ ਕਦੇ ਸੋਚਿਆ ਕਿ ਕੋਈ ਬਾਜ਼ਾਰ ‘ਚੋਂ ਮਕਾਨ ਉਸਾਰੀ ਦਾ ਸਾਮਾਨ ਖਰੀਦਣ ਗਿਆ ਕਿਸਮਤ ਖਰੀਦ ਲਿਆਵੇ! ਹਾਂ, ਕਈ ਵਾਰ ਅਜਿਹਾ ਹੁੰਦਾ ਹੈ।ਖਰੜ ਵਾਸੀ ਜਾਰਜ ਮਸੀਹ ਅਤੇ ਉਸਦੀ ਪਤਨੀ ਸੁਮਨ ਪ੍ਰਿਆ ਦੀ ਜ਼ਿੰਦਗੀ ਵਿੱਚ ਬਿਲਕੁਲ ਅਜਿਹਾ ਹੀ ਹੋਇਆ, ਜੋ ਕਿ ਦੋਵੇਂ ਪੀਜੀਆਈ, ਚੰਡੀਗੜ ਵਿੱਚ ਸੀਨੀਅਰ ਨਰਸਿੰਗ ਅਫਸਰ ਵਜੋਂ ਸੇਵਾ ਨਿਭਾਅ ਰਹੇ ਹਨ। ਜਾਰਜ ਮਸੀਹ ਨੇ ਦੱਸਿਆ ਕਿ ਉਹ ਗੁਰਦਾਸਪੁਰ ਜ਼ਿਲੇ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਦਰਗਾਬਾਦ ਵਿਖੇ ਮਕਾਨ ਬਣਾ ਰਹੇ ਹਨ ਅਤੇ ਉਹ ਕੁਝ ਨਿਰਮਾਣ ਸਮੱਗਰੀ ਖਰੀਦਣ ਲਈ ਕੋਟਲੀ ਸੂਰਤ ਮੱਲੀ ਗਏ ਸਨ ਅਤੇ ਉਥੇ ਇੱਕ ਹਾਕਰ ਆਇਆ, ਜੋ ਪੰਜਾਬ ਰਾਜ ਸਾਵਣ ਬੰਪਰ -2019 ਦੀਆਂ ਟਿਕਟਾਂ ਵੇਚ ਰਿਹਾ ਸੀ। ਆਪਣੀ ਪਤਨੀ ਦੀ ਜ਼ਿੱਦ ਅਤੇ ਹਾਕਰ ਦੇ ਵਾਰ ਵਾਰ ਬੇਨਤੀ ਕਰਨ ‘ਤੇ, ਉਸ ਨੇ ਦੋ ਟਿਕਟਾਂ ਖਰੀਦ ਲਈਆਂ। ਉਸ ਨੇ ਇਹ ਟਿਕਟਾਂ ਆਪਣੀ ਪਤਨੀ ਨੂੰ ਦੇ ਦਿੱਤੀਆਂ। ਅਖੀਰ ਕਿਸਮਤ ਚਮਕੀ ਅਤੇ ਸੁਮਨ ਪ੍ਰਿਆ ਨੂੰ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ।ਜਾਰਜ ਮਸੀਹ ਨੇ ਦੱਸਿਆ ਕਿ ਆਮ ਤੌਰ ‘ਤੇ, ਉਹ ਆਪਣੇ ਚੰਡੀਗੜ ਰਹਿੰਦੇ ਦੋਸਤਾਂ ਅਤੇ ਪੀਜੀਆਈ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਹੁੰਦਾ ਸੀ ਕਿਉਂਕਿ ਉਥੇ ਲਾਟਰੀ ‘ਤੇ ਪਾਬੰਦੀ ਹੈ। ਪਰ ਉਸਨੇ ਆਪਣੇ ਲਈ ਕਦੇ ਵੀ ਲਾਟਰੀ ਦੀ ਟਿਕਟ ਨਹੀਂ ਖਰੀਦੀ ਸੀ।ਭਵਿੱਖ ਬਾਰੇ ਗੱਲ ਕਰਦਿਆਂ, ਇਸ ਖੁਸ਼ਨਸੀਬ ਜੋੜੇ ਨੇ ਕਿਹਾ ਕਿ ਉਹ ਟ੍ਰਾਈਸਿਟੀ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ‘ਤੇ ਲੱਗਦੇ ਜਾਮ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਨੌਕਰੀ ‘ਤੇ ਸਮੇਂ ਸਿਰ ਪਹੁੰਚਣ ਲਈ ਉਨਾਂ ਨੂੰ ਰੋਜ਼ਾਨਾ ਜੂਝਣਾ ਪੈਂਦਾ ਹੈ। ਇਸ ਲਈ ਉਹ ਸਭ ਤੋਂ ਪਹਿਲਾਂ ਇਨਾਮੀ ਰਾਸ਼ੀ ਨਾਲ ਪੀਜੀਆਈ ਨੇੜੇ ਇੱਕ ਵਧੀਆ ਮਕਾਨ ਖਰੀਦਣਗੇ। ਦੱਸਣਯੋਗ ਹੈ ਕਿ ਇਸ ਸਮੇਂ ਇਹ ਜੋੜਾ ਖਰੜ ਦੇ ਮਾਤਾ ਗੁਜਰੀ ਐਨਕਲੇਵ ਵਿੱਚ ਰਹਿ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਉਹ ਬਾਕੀ ਬਚੀ ਰਕਮ ਆਪਣੇ ਦੋ ਪੁੱਤਰਾਂ ਦੀ ਉਚੇਰੀ ਪੜਾਈ ਲਈ ਬਚਾਅ ਕੇ ਰੱਖਣਗੇ।