December 8, 2024
#ਪੰਜਾਬ

ਝੋਨੇ ਦੀ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਹੰਭਲਾ

15 ਸਤੰਬਰ ਤੱਕ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਟੀਚਾ ਮਿੱਖਿਆ
ਚੰਡੀਗੜ੍ਹ – ਸੂਬੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿੱਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ 28000 ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 278 ਕਰੋੜ ਰੁਪਏ ਦੀ ਸਬਸਿਡੀ ਨਾਲ ਮੁਹੱਈਆ ਕਰਵਾਏ ਜਾ ਰਹੇ ਇਹ ਖੇਤੀ ਸੰਦ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਖਪਾਉਣ ਲਈ ਸਹਾਈ ਹੋਣਗੇ। ਕਿਸਾਨਾਂ ਨੂੰ ਖੇਤੀ ਸੰਦਾਂ ‘ਤੇ 50 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਜਦਕਿ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿੱਚ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਆਲ੍ਹਾ ਦਰਜੇ ਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਹਾਈਡਰੌਲਿਕ ਰਿਵਰਸੀਬਲ ਮੋਲਡ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਸ਼ਾਮਲ ਹਨ।ਖੇਤੀਬਾੜੀ ਵਿਭਾਗ ਦੇ ਸਕੱਤਰ ਕੇ.ਐਸ. ਪੰਨੂੰ ਨੇ ਦੱਸਿਆ ਕਿ ਸਬਸਿਡੀ ‘ਤੇ ਮਸ਼ੀਨਰੀ ਲੈਣ ਲਈ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਪਾਸੋਂ ਹੁਣ ਤੱਕ ਲਗਪਗ 12000 ਅਰਜ਼ੀਆਂ ਹਾਸਲ ਹੋਈਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਵਿਅਕਤੀਗਤ ਤੌਰ ‘ਤੇ ਅਰਜ਼ੀਆਂ ਦੇਣ ਵਾਲੇ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ‘ਤੇ 15000 ਮਸ਼ੀਨਾਂ ਦਿੱਤੀਆਂ ਜਾ ਰਹੀਆਂ ਜਦਕਿ 2200 ਕਿਸਾਨਾਂ ਗਰੁੱਪਾਂ/ਸਹਿਕਾਰੀ ਸਭਾਵਾਂ ਨੂੰ ਫਾਰਮ ਮਸ਼ੀਨਰੀ ਬੈਂਕ ਬਣਾ ਕੇ ਕਸਟਮ ਹਾਇੰਰਿੰਗ ਸੈਂਟਰ ਵਜੋਂ ਵਰਤਣ ਲਈ 80 ਫੀਸਦੀ ਸਬਸਿਡੀ ‘ਤੇ 13000 ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ 15 ਸਤੰਬਰ, 2019 ਤੋਂ ਪਹਿਲਾਂ ਕਿਸਾਨਾਂ ਤੱਕ ਮਸ਼ੀਨਰੀ ਪਹੁੰਚਾਉਣ ਦਾ ਟੀਚਾ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਦੇ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਨ ਲਈ ਸੂਚਨਾ, ਸਿੱਖਿਆ ਤੇ ਸੰਚਾਰ ਬਾਰੇ ਗਤੀਵਿਧੀਆਂ ਵੀ ਆਰੰਭੀਆਂ ਹੋਈਆਂ ਹਨ। ਇਸ ਜਾਗਰੂਕਾ ਮੁਹਿੰਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਖਪਾਉਣ ਲਈ ਸੰਦਾਂ ਦੀ ਪ੍ਰਦਰਸ਼ਨੀ ਕਰਨਾ ਹੈ।ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀ ਜਾ ਰਹੀ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ ਜਿਸ ਨਾਲ ਲੋਕਾਂ ਨੂੰ ਸਿਹਤਮੰਦੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬੇ ਦੇ ਵਾਤਾਵਰਣ ਨੂੰ ਵੀ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਸਾਲ 2018-19 ਦੌਰਾਨ ਵੀ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ‘ਤੇ 28,609 ਖੇਤੀ ਮਸ਼ੀਨਾਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿੱਚ 50 ਫੀਸਦੀ ਸਬਸਿਡੀ ‘ਤੇ 12075 ਮਸ਼ੀਨਾਂ ਜਦਕਿ ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਸਬਸਿਡੀ ‘ਤੇ 16534 ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਸਨ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਪਗ 30 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ। ਝੋਨੇ ਦੀ ਵਢਾਈ ਤੋਂ ਬਾਅਦ ਖੇਤਾਂ ਵਿੱਚ ਝੋਨੇ ਦੀ 20 ਮਿਲੀਅਨ ਟਨ ਪਰਾਲੀ ਹੋਣ ਦੀ ਆਸ ਹੈ ਜਿਸ ਨੂੰ ਕਿਸਾਨਾਂ ਵੱਲੋਂ ਹਾੜ੍ਹੀ ਦੀ ਅਗਲੀ ਫਸਲ ਤੋਂ ਪਹਿਲਾਂ ਨਿਪਟਾਇਆ ਜਾਣਾ ਹੈ।