December 8, 2024
#ਖੇਡਾਂ

ਭਾਰਤ ਦਾ ਦੂਜਾ ਸਫਲ ਬੱਲੇਬਾਜ਼ ਬਣਿਆ ਵਿਰਾਟ ਕੋਹਲੀ

ਕਪਤਾਨ ਵਿਰਾਟ ਕੋਹਲੀ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਆਪਣੀ 120 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ ਦੀ ਇਸ ਵੰਨਗੀ ਵਿੱਚ ਸੌਰਭ ਗਾਂਗੁਲੀ ਨੂੰ ਪਛਾੜ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤ ਦਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਪਹਿਲੇ ਸਥਾਨ ’ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੈ। ਇਸ ਤੋਂ ਪਹਿਲਾਂ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ 19ਵੀਂ ਦੌੜ ਪੂਰੀ ਕਰਦਿਆਂ ਪਾਕਿਸਤਾਨ ਦੇ ਜਾਵੇਦ ਮੀਆਂਦਾਦ (1930 ਦੌੜਾਂ) ਦਾ 26 ਸਾਲ ਪੁਰਾਣਾ ਰਿਕਾਰਡ ਤੋੜਿਆ।ਕੋਹਲੀ ਕੈਰੇਬਿਆਈ ਟੀਮ ਖ਼ਿਲਾਫ਼ 35 ਮੈਚਾਂ ਦੀਆਂ 34 ਪਾਰੀਆਂ ਵਿੱਚ 2032 ਦੌੜਾਂ ਬਣਾ ਚੁੱਕਿਆ ਹੈ, ਜੋ ਕਿਸੇ ਇੱਕ ਦੇਸ਼ ਖ਼ਿਲਾਫ਼ ਸਭ ਤੋਂ ਘੱਟ ਪਾਰੀਆਂ ਵਿੱਚ 2000 ਦੌੜਾਂ ਪੂਰੀਆਂ ਕਰਨ ਦਾ ਇਹ ਨਵਾਂ ਰਿਕਾਰਡ ਹੈ। ਇਸ ਮਾਮਲੇ ਵਿੱਚ ਕੋਹਲੀ ਨੇ ਆਪਣੇ ਸਾਥੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ, ਜਿਸ ਨੇ ਆਸਟਰੇਲੀਆ ਖ਼ਿਲਾਫ਼ 37 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ। ਕੋਹਲੀ ਨੇ ਇਸ ਮਗਰੋਂ ਪਿਛਲੀਆਂ 11 ਪਾਰੀਆਂ ਦਾ ਇੰਤਜ਼ਾਰ ਖ਼ਤਮ ਕਰਦਿਆਂ 112 ਗੇਂਦਾਂ ’ਤੇ ਆਪਣਾ 42ਵਾਂ ਸੈਂਕੜਾ ਪੂਰਾ ਕੀਤਾ। ਵੈਸਟ ਇੰਡੀਜ਼ ਖ਼ਿਲਾਫ਼ ਇਹ ਉਸ ਦਾ ਅੱਠਵਾਂ ਅਤੇ ਕਪਤਾਨ ਵਜੋਂ ਛੇਵਾਂ ਸੈਂਕੜਾ ਹੈ, ਜੋ ਕਿ ਰਿਕਾਰਡ ਹੈ। ਆਪਣੀ ਪਾਰੀ ਦੌਰਾਨ ਕੋਹਲੀ ਨੇ ਸੌਰਭ ਗਾਂਗੁਲੀ (11363 ਦੌੜਾਂ) ਨੂੰ ਦੌੜਾਂ ਦੀ ਗਿਣਤੀ ਦੇ ਮਾਮਲੇ ਵਿੱਚ ਪਛਾੜ ਦਿੱਤਾ। ਹੁਣ ਉਹ ਭਾਰਤ ਵੱਲੋਂ ਇੱਕ ਰੋਜ਼ਾ ਵਿੱਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਚਿਨ ਤੇਂਦੁਲਕਰ (18426 ਦੌੜਾਂ) ਮਗਰੋਂ ਦੂਜੇ ਨੰਬਰ ’ਤੇ ਕਾਬਜ਼ ਹੋ ਗਿਆ ਹੈ। ਕੋਹਲੀ ਦੇ ਨਾਮ ਹੁਣ 238 ਮੈਚਾਂ ਵਿੱਚ 11406 ਦੌੜਾਂ ਦਰਜ ਹੋ ਗਈਆਂ ਹਨ ਅਤੇ ਉਹ ਓਵਰਆਲ ਸੂਚੀ ਵਿੱਚ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ।