ਪਾਕਿਸਤਾਨ ਵਲੋਂ ਲੱਦਾਖ ਨੇੜੇ ਲੜਾਕੂ ਜਹਾਜ ਤਾਇਨਾਤ
![](https://blastingskyhawk.com/wp-content/uploads/2019/08/11-6.jpg)
ਇਸਲਾਮਾਬਾਦ – ਜੰਮੂ-ਕਸ਼ਮੀਰ ਤੇ ਭਾਰਤ ਸਰਕਾਰ ਦੇ ਲਏ ਗਏ ਫੈਸਲੇ ਨਾਲ ਪਾਕਿਸਤਾਨ ਬੌਖਲਾਹਟ ਵਿੱਚ ਹੈ| ਪਾਕਿਸਤਾਨ ਦੀ ਬੌਖਲਾਹਟ ਉਸ ਵੱਲੋਂ ਲਏ ਹਾਲ ਹੀ ਵਿੱਚ ਗਏ ਫੈਸਲਿਆਂ ਵਿੱਚ ਨਜ਼ਰ ਆ ਰਹੀ ਹੈ| ਹੁਣ ਤੱਕ ਪਾਕਿਸਤਾਨ ਨੇ ਰੇਲ ਅਤੇ ਬੱਸ ਸੇਵਾ ਰੋਕਣ ਜਾਂ ਫਿਰ ਡਿਪਲੋਮੈਟਿਕ ਸੰਬੰਧ ਤੋੜਨ ਦਾ ਫੈਸਲਾ ਲਿਆ ਸੀ| ਹੁਣ ਉਸ ਵੱਲੋਂ ਕੁਝ ਅਜਿਹਾ ਕਦਮ ਚੁੱਕਿਆ ਗਿਆ ਹੈ ਜੋ ਉਸ ਦੇ ਗਲਤ ਇਰਾਦਿਆਂ ਨੂੰ ਦਰਸਾਉਂਦਾ ਹੈ| ਪਾਕਿਸਤਾਨ ਨੇ ਲੱਦਾਖ ਨੇੜੇ ਮੌਜੂਦ ਆਪਣੇ ਏਅਰਬੇਸ ਵਿਚ ਲੜਾਕੂ ਜਹਾਜ਼ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ|ਪਾਕਿਸਤਾਨ ਨੇ ਬਾਰਡਰ ਇਲਾਕੇ ਵੱਲ ਆਪਣੀ ਫੌਜ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ| ਸ਼ਨੀਵਾਰ ਨੂੰ ਪਾਕਿਸਤਾਨ ਵੱਲੋਂ ਸੀ-130 ਟਰਾਂਸਪੋਰਟ ਏਅਰਕ੍ਰਾਫਟ ਨੂੰ ਸਕਾਰਟੂ ਏਅਰਬੇਸ ਤੇ ਲਿਜਾਣਾ ਸ਼ੁਰੂ ਕੀਤਾ ਗਿਆ| ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਏਅਰਕ੍ਰਾਫਟ ਵਿਚ ਕੁਝ ਸਮੱਗਰੀਆਂ ਲੈ ਕੇ ਆਇਆ ਹੈ| ਇਹ ਏਅਰਬੇਸ ਭਾਰਤ ਦੇ ਲੱਦਾਖ ਨੇੜੇ ਪੈਂਦਾ ਹੈ| ਭਾਰਤੀ ਏਜੰਸੀਆਂ ਪਾਕਿਸਤਾਨ ਦੀ ਹਰੇਕ ਗਤੀਵਿਧੀ ਤੇ ਨਜ਼ਰ ਬਣਾਏ ਹੋਏ ਹਨ| ਸੂਤਰਾਂ ਮੁਤਾਬਕ ਪਾਕਿਸਤਾਨ ਸਕਾਰਟੂ ਏਅਰਬੇਸ ਨੇੜੇ ਜੇ. ਐਫ-17 ਲੜਾਕੂ ਜਹਾਜ਼ ਦੀ ਤਾਇਨਾਤੀ ਕਰਨ ਦੀ ਤਿਆਰੀ ਵਿਚ ਹੈ| ਜਿਹੜੀਆਂ ਸਮੱਗਰੀਆਂ ਨੂੰ ਏਅਰਬੇਸ ਨੇੜੇ ਪਹੁੰਚਾਇਆ ਗਿਆ ਹੈ, ਉਹ ਫਾਈਟਰ ਜੈੱਟ ਨਾਲ ਸਬੰਧਤ ਹਨ| ਭਾਵੇਂਕਿ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਜਲਦੀ ਹੀ ਇਸ ਏਅਰਬੇਸ ਨੇੜੇ ਆਪਣੀ ਹਵਾਈ ਫੌਜ ਦਾ ਅਭਿਆਸ ਕਰ ਸਕਦਾ ਹੈ, ਜਿਸ ਵਿਚ ਪਾਕਿਸਤਾਨੀ ਫੌਜ ਵੀ ਸ਼ਾਮਲ ਹੋਵੇਗੀ|