ਸ਼੍ਰੀਨਗਰ ਵਿੱਚ ਈਦ ਮੌਕੇ ਲੋਕਾਂ ਦੇ ਗਲੇ ਮਿਲੇ ਪੁਲੀਸ ਵਾਲੇ, ਵੰਡੀ ਮਠਿਆਈ
ਜੰਮੂ – ਜੰਮੂ-ਕਸ਼ਮੀਰ ਵਿੱਚ ਅੱਜ ਸੁਰੱਖਿਆ ਦਰਮਿਆਨ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ| ਧਾਰਾ-370 ਦੇ ਹਟਣ ਤੋਂ ਬਾਅਦ ਘਾਟੀ ਵਿੱਚ ਧਾਰਾ 144 ਲਾਗੂ ਹੈ ਅਤੇ ਹਰ ਥਾਂ ਸੁਰੱਖਿਆ ਫੋਰਸ ਤਾਇਨਾਤ ਹੈ| ਇਸ ਦੌਰਾਨ ਕਸ਼ਮੀਰ ਦੇ ਲੋਕਾਂ ਨੇ ਈਦ ਦਾ ਤਿਉਹਾਰ ਮਨਾਇਆ| ਅੱਜ ਸਵੇਰੇ ਸ਼੍ਰੀਨਗਰ ਸਮੇਤ ਹੋਰ ਸ਼ਹਿਰਾਂ ਵਿੱਚ ਲੋਕ ਈਦ ਦੀ ਨਮਾਜ਼ ਪੜ੍ਹਨ ਲਈ ਮਸਜਿਦ ਪਹੁੰਚੇ| ਪ੍ਰਸ਼ਾਸਨ ਵਲੋਂ ਲੋਕਾਂ ਨੂੰ ਨਮਾਜ਼ ਪੜ੍ਹਨ ਲਈ ਧਾਰਾ 144 ਵਿੱਚ ਕੁਝ ਢਿੱਲ ਦਿੱਤੀ ਗਈ ਸੀ|ਸ਼੍ਰੀਨਗਰ ਤੋਂ ਈਦ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਵਿੱਚ ਸਥਾਨਕ ਲੋਕ ਪੁਲੀਸ ਵਾਲਿਆਂ ਨਾਲ ਈਦ ਮਨਾਉਂਦੇ ਨਜ਼ਰ ਆ ਰਹੇ ਹਨ| ਇਸ ਦੌਰਾਨ ਲੋਕ ਪੁਲੀਸ ਵਾਲਿਆਂ ਨਾਲ ਗਲੇ ਵੀ ਮਿਲੇ| ਇਸ ਦੌਰਾਨ ਪੁਲੀਸ ਵਾਲਿਆਂ ਨੇ ਕਈ ਮਸਜਿਦਾਂ ਵਿੱਚ ਮਠਿਆਈ ਵੀ ਵੰਡੀ| ਹਾਲਾਂਕਿ ਇਸ ਦੌਰਾਨ ਭਾਰੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਸੀ ਅਤੇ ਥੋੜ੍ਹੀ-ਥੋੜ੍ਹੀ ਗਿਣਤੀ ਵਿੱਚ ਹੀ ਲੋਕਾਂ ਨੂੰ ਇਕੱਠੇ ਹੋਣ ਦਿੱਤਾ ਗਿਆ|ਜ਼ਿਕਰਯੋਗ ਹੈ ਕਿ ਸ਼੍ਰੀਨਗਰ ਸਮੇਤ ਹੋਰ ਸ਼ਹਿਰਾਂ ਵਿੱਚ ਈਦ ਨੂੰ ਦੇਖਦੇ ਹੋਏ ਨੂੰ ਧਾਰਾ 144 ਵਿੱਚ ਢਿੱਲ ਦਿੱਤੀ ਗਈ ਸੀ| ਇਸ ਦੌਰਾਨ ਬਾਜ਼ਾਰ ਖੁੱਲ੍ਹੇ ਹੋਏ ਸਨ ਅਤੇ ਲੋਕ ਆਸਾਨੀ ਨਾਲ ਬਾਹਰ ਘੁੰਮ ਰਹੇ ਸਨ ਪਰ ਸੋਮਵਾਰ ਸਵੇਰੇ ਈਦ ਦੀ ਨਮਾਜ਼ ਖਤਮ ਹੋਣ ਤੋਂ ਬਾਅਦ ਇਕ ਵਾਰ ਫਿਰ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ| ਯਾਨੀ ਇਕ ਵਾਰ ਫਿਰ ਧਾਰਾ 144 ਵਿੱਚ ਸਖਤੀ ਵਰਤੀ ਜਾ ਰਹੀ ਹੈ| ਸ਼੍ਰੀਨਗਰ ਦੇ ਡੈਵਲਪਮੈਂਟ ਕਮਿਸ਼ਨਰ ਸ਼ਾਹਿਦ ਚੌਧਰੀ ਨੇ ਜਾਣਕਾਰੀ ਦਿੱਤੀ ਹੈ ਕਿ ਘਾਟੀ ਵਿੱਚ ਈਦ ਨੂੰ ਲੈ ਕੇ ਜੋ ਢਿੱਲ ਦਿੱਤੀ ਗਈ ਸੀ, ਉਹ ਹੁਣ ਵਾਪਸ ਲੈ ਲਈ ਗਈ ਹੈ| ਸਵੇਰੇ ਈਦ ਦੀ ਨਮਾਜ਼ ਲਈ ਲੋਕਾਂ ਨੂੰ ਛੂਟ ਦਿੱਤੀ ਗਈ ਸੀ, ਜਿਸ ਦੇ ਅਧੀਨ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ ਪਰ ਹੁਣ ਫਿਰ ਤੋਂ ਪਾਬੰਦੀ ਲੱਗਾ ਦਿੱਤੀ ਗਈ ਹੈ| ਘਾਟੀ ਵਿੱਚ ਹਾਲੇ ਵੀ ਮੋਬਾਇਲ ਫੋਨ, ਮੋਬਾਇਲ ਇੰਟਰਨੈਟ ਅਤੇ ਟੀ.ਵੀ.-ਕੇਬਲ ਤੇ ਰੋਕ ਲੱਗੀ ਹੋਈ ਹੈ| ਹਾਲਾਂਕਿ ਜੰਮੂ ਵਿੱਚ ਧਾਰਾ 144 ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਅਤੇ ਕੁਝ ਖੇਤਰਾਂ ਵਿੱਚ ਫੋਨ ਦੀ ਸਹੂਲਤ ਚਾਲੂ ਕੀਤੀ ਗਈ ਹੈ| ਹਾਲੇ ਸਿਰਫ ਮੋਬਾਇਲ ਕਾਲਿੰਗ ਦੀ ਸਹੂਲਤ ਹੀ ਸ਼ੁਰੂ ਕੀਤੀ ਗਈ ਹੈ|