ਭਾਰਤ ਤੇ ਵਿੰਡੀਜ਼ ਵਿਚਾਲੇ ਤੀਜਾ ਇੱਕ ਰੋਜ਼ਾ ਅੱਜ
ਭਾਰਤ ਬੁੱਧਵਾਰ ਨੂੰ ਇੱਥੇ ਵੈਸਟ ਇੰਡੀਜ਼ ਖਿਲਾਫ਼ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਇੱਕ ਹੋਰ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਇਸ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵੱਡੀ ਪਾਰੀ ਖੇਡਣੀ ਹੋਵੇਗੀ, ਜੋ ਲਗਾਤਾਰ ਚਾਰ ਮੈਚਾਂ ਵਿੱਚ ਅਸਫਲ ਰਿਹਾ। ਭਾਰਤ ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਤੋਂ ਟੀ-20 ਲੜੀ ਜਿੱਤ ਚੁੱਕਾ ਹੈ, ਜਿਸ ਵਿੱਚ ਧਵਨ ਨੇ 1, 23 ਅਤੇ ਤਿੰਨ ਦੌੜਾਂ ਵਾਲੀਆਂ ਪਾਰੀਆਂ ਖੇਡੀਆਂ ਹਨ। ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਉਹ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ ਸੀ। ਇਸ ਤਰ੍ਹਾਂ ਸੱਟ ਠੀਕ ਹੋਣ ਮਗਰੋਂ ਧਵਨ ਦੀ ਵਾਪਸੀ ਚੰਗੀ ਨਹੀਂ ਰਹੀ। ਧਵਨ ਨੂੰ ਅੰਦਰ ਆਉਂਦੀਆਂ ਗੇਂਦਾਂ ਖੇਡਣ ਵਿੱਚ ਔਖ ਮਹਿਸੂਸ ਹੋ ਰਹੀ ਹੈ। ਉਸ ਨੂੰ ਦੋ ਵਾਰ ਤੇਜ਼ ਗੇਂਦਬਾਜ਼ ਸ਼ੇਲਡਨ ਕੋਟਰੈੱਲ ਨੇ ਆਊਟ ਕੀਤਾ।ਧਵਨ ਟੈਸਟ ਟੀਮ ਦਾ ਹਿੱਸਾ ਨਹੀਂ ਹੈ। ਇਸ ਲਈ ਦਿੱਲੀ ਦੇ ਖੱਬੂ ਬੱਲੇਬਾਜ਼ ਨੂੰ ਆਪਣੇ ਕੈਰੇਬਿਆਈ ਦੌਰੇ ਦਾ ਅੰਤ ਯਾਦਗਾਰ ਪਾਰੀ ਨਾਲ ਕਰਨਾ ਹੋਵੇਗਾ।ਭਾਰਤੀ ਟੀਮ ਵਿੱਚ ਚੌਥੇ ਨੰਬਰ ’ਤੇ ਥਾਂ ਪੱਕੀ ਕਰਨ ਨੂੰ ਲੈ ਕੇ ਦੋਚਿਤੀ ਚੱਲ ਰਹੀ ਹੈ ਅਤੇ ਸ਼੍ਰੇਅਸ ਅਈਅਰ ਨੇ ਦੂਜੇ ਇੱਕ ਰੋਜ਼ਾ ਵਿੱਚ ਸ਼ਾਨਦਾਰ ਪਾਰੀ ਖੇਡ ਕੇ ਰਿਸ਼ਭ ਪੰਤ ’ਤੇ ਦਬਾਅ ਵਧਾ ਦਿੱਤਾ ਹੈ। ਪੰਤ ਨੂੰ ਟੀਮ ਪ੍ਰਬੰਧਕਾਂ ਖ਼ਾਸ ਕਰਕੇ ਕਪਤਾਨ ਵਿਰਾਟ ਕੋਹਲੀ ਦਾ ਸਮਰਥਨ ਪ੍ਰਾਪਤ ਹੈ, ਪਰ ਉਸ ਦੀ ਲਗਾਤਾਰ ਨਾਕਾਮੀ ਅਤੇ ਦੂਜੇ ਇੱਕ ਰੋਜ਼ਾ ਵਿੱਚ ਅਈਅਰ ਦੀ 68 ਗੇਂਦਾਂ ਵਿੱਚ 71 ਦੌੜਾਂ ਦੀ ਪਾਰੀ ਨਾਲ ਚੀਜ਼ਾਂ ਬਦਲ ਗਈਆਂ ਹਨ। ਪੰਤ ਦੀ ਮਾਨਸਿਕਤਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਸ ਨੇ ਕਈ ਮੌਕਿਆਂ ’ਤੇ ਆਪਣੀ ਵਿਕਟ ਗੁਆਈ ਹੈ।