ਜੰਮੂ-ਕਸ਼ਮੀਰ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ
ਨਵੀਂ ਦਿੱਲੀ – ਸੁਪੀਰਮ ਕੋਰਟ ਨੇ ਧਾਰਾ 370 ਹਟਾਏ ਜਾਣ ਅਤੇ ਸੂਬੇ ‘ਚ ਹਾਲਾਤ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਸ ਮਾਮਲੇ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਾਲਾਤ ਸਧਾਰਨ ਕਰਨ ‘ਚ ਸਮਾਂ ਵੀ ਦਿੱਤਾ ਹੈ। ਜੰਮੂ-ਕਸ਼ਮੀਰ ‘ਚ ਬੰਦ ਤੇ ਕਰਫਿਊ ਹਟਾਏ ਜਾਣ ਅਤੇ ਮੋਬਾਈਲ ਤੇ ਇੰਟਰਨੈੱਟ ਸੇਵਾ ਸ਼ੁਰੂ ਕਰਨ ਦੀ ਮੰਗ ਕਰਨ ਵਾਲੀ ਤਹਿਸੀਨ ਪੁਨਵਾਲਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਕੀਤੀ। ਜੱਜ ਅਰੁਣ ਮਿਸ਼ਰਾ, ਐੱਮ.ਆਰ. ਸ਼ਾਹ ਤੇ ਅਜੇ ਰਸਤੋਗੀ ਦੀ ਬੈਂਚ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਰਾਤੋ-ਰਾਤ ਹਾਲਾਤ ਸਧਾਰਨ ਨਹੀਂ ਹੋ ਸਕਦੇ। ਇਸ ਵਿੱਚ ਕੁਝ ਸਮਾਂ ਲੱਗੇਗਾ। ਇਹ ਕਹਿੰਦਿਆਂ ਕੋਰਟ ਨੇ ਮਾਮਲੇ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ‘ਤੇ ਸੁਣਵਾਈ 2 ਹਫਤਿਆਂ ਬਾਅਦ ਹੋਵੇਗੀ।