ਦ੍ਰਾਵਿੜ ਦਾ ਮਸਲਾ ਹਿੱਤਾਂ ਨਾਲ ਟਕਰਾਅ ਨਹੀਂ
ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅੱਜ ਸਪਸ਼ਟ ਕੀਤਾ ਕਿ ਕੌਮੀ ਕ੍ਰਿਕਟ ਅਕੈਡਮੀ ਦੇ ਕ੍ਰਿਕਟ ਪ੍ਰਮੁੱਖ ਵਜੋਂ ਰਾਹੁਲ ਦ੍ਰਾਵਿੜ ਦੀ ਨਿਯੁਕਤੀ ਵਿੱਚ ‘ਹਿੱਤਾਂ ਦੇ ਟਕਰਾਅ’ ਦਾ ਕੋਈ ਮਸਲਾ ਨਹੀਂ ਹੈ। ਲੈਫਟੀਨੈਂਟ ਜਨਰਲ ਰਵੀ ਥੋੜਗੇ ਨੇ ਕਿਹਾ ਕਿ ਗੇਂਦ ਹੁਣ ਬੀਸੀਸੀਆਈ ਦੇ ਲੋਕਪਾਲ ਕਮ ਆਚਰਣ ਅਧਿਕਾਰੀ ਡੀਕੇ ਜੈਨ ਦੇ ਪਾਲੇ ਵਿੱਚ ਹੈ।ਥੋੜਗੇ ਨੇ ਕਿਹਾ, ‘‘ਰਾਹੁਲ ਦੇ ਮਾਮਲੇ ਵਿੱਚ ਹਿੱਤਾਂ ਦਾ ਟਕਰਾਅ ਨਹੀਂ ਹੈ। ਉਸ ਨੂੰ ਨੋਟਿਸ ਮਿਲਿਆ ਸੀ ਅਤੇ ਅਸੀਂ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਸੀ। ਸਾਨੂੰ ਹਿੱਤਾਂ ਦਾ ਟਕਰਾਅ ਨਹੀਂ ਲੱਗਿਆ, ਜੇਕਰ ਲੋਕਪਾਲ ਨੂੰ ਲਗਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਆਪਣਾ ਪੱਖ ਸਪਸ਼ਟ ਕਰਾਂਗੇ।’’ਉਨ੍ਹਾਂ ਕਿਹਾ, ‘‘ਉਸ ਮਗਰੋਂ ਉਹ ਇਸ ’ਤੇ ਗੌਰ ਕਰਨਗੇ। ਇਹ ਇੱਕ ਪ੍ਰਕਿਰਿਆ ਹੈ, ਜੋ ਜਾਰੀ ਰਹੇਗੀ।’’ ਭਾਰਤੀ ਕ੍ਰਿਕਟ ਦੇ ਸਭ ਤੋਂ ਸਨਮਾਨਿਤ ਵਿਅਕਤੀਆਂ ਵਿੱਚੋਂ ਇੱਕ ਦਰਾਵਿੜ ’ਤੇ ਐੱਨਸੀਏ ਵਿੱਚ ਨਿਯੁਕਤੀ ਮਗਰੋਂ ਹਿੱਤਾਂ ਦੇ ਟਕਰਾਅ ਦਾ ਦੋਸ਼ ਲੱਗਿਆ ਸੀ ਕਿਉਂਕਿ ਉਹ ਇੰਡੀਆ ਸੀਮਿੰਟਸ ਦਾ ਕਰਮਚਾਰੀ ਹੈ, ਜੋ ਚੇਨੱਈ ਸੁਪਰ ਕਿੰਗਜ਼ ਟੀਮ ਦਾ ਮਾਲਕ ਹੈ।