ਡਾ. ਮਨਮੋਹਨ ਸਿੰਘ ਵਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ
ਜੈਪੁਰ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਜ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ| ਸਿੰਘ ਨੇ ਵਿਧਾਨ ਸਭਾ ਵਿਚ ਚੋਣ ਅਧਿਕਾਰੀ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਭਰਿਆ| ਇਸ ਮੌਕੇ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਪ ਮੁੱਖ ਮੰਤਰੀ ਸਚਿਨ ਪਾਇਲਟ, ਕਾਂਗਰਸ ਪ੍ਰਦੇਸ਼ ਮੁਖੀ ਅਵਿਨਾਸ਼ ਪਾਂਡੇ, ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਸਮੇਤ ਹੋਰ ਕਈ ਮੰਤਰੀ ਮੌਜੂਦ ਰਹੇ| ਇੱਥੇ ਦੱਸ ਦੇਈਏ ਕਿ ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਬੀਤੀ 14 ਜੂਨ ਨੂੰ ਖਤਮ ਹੋ ਗਿਆ ਸੀ| ਕਾਂਗਰਸ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ| ਉਹ ਸਾਲ 1991 ਤੋਂ ਹੁਣ ਤਕ 5 ਵਾਰ ਰਾਜ ਸਭਾ ਲਈ ਚੁਣੇ ਜਾ ਚੁੱਕੇ ਹਨ| ਉਨ੍ਹਾਂ ਨੇ ਇਕ ਵਾਰ ਲੋਕ ਸਭਾ ਚੋਣ ਵੀ ਲੜੀ ਪਰ ਸਫਲ ਨਹੀਂ ਹੋਏ|ਪ੍ਰਸਿੱਧ ਅਰਥਸ਼ਾਸਤਰੀ ਅਤੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਪਹਿਲੀ ਵਾਰ ਰਾਜਸਥਾਨ ਤੋਂ ਰਾਜ ਸਭਾ ਚੋਣ ਲੜ ਰਹੇ ਹਨ| ਉਨ੍ਹਾਂ ਨੇ ਇਸ ਤੋਂ ਪਹਿਲਾਂ ਆਸਾਮ ਤੋਂ ਰਾਜ ਸਭਾ ਲਈ ਚੋਣ ਲੜੀ ਸੀ| ਰਾਜਸਥਾਨ ਵਿੱਚ ਭਾਜਪਾ ਦੇ ਮਦਨਲਾਲ ਸੈਨੀ ਦੇ ਦਿਹਾਂਤ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਸੀ| ਇਸ ਤੋਂ ਬਾਅਦ ਇਸ ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ, ਜਿਸ ਤੇ ਭਾਜਪਾ ਵਲੋਂ ਕੋਈ ਉਮੀਦਵਾਰ ਖੜ੍ਹਾ ਕੀਤਾ ਜਾਂਦਾ ਹੈ ਤਾਂ 26 ਅਗਸਤ ਨੂੰ ਚੋਣਾਂ ਹੋਣਗੀਆਂ| ਜ਼ਿਮਨੀ ਚੋਣ ਲਈ 14 ਅਗਸਤ ਤਕ ਨਾਮਜ਼ਦਗੀ ਕੀਤਾ ਜਾ ਸਕੇਗਾ, ਜਦਕਿ 19 ਅਗਸਤ ਨਾਮ ਵਾਪਸੀ ਦੀ ਆਖਰੀ ਤਰੀਕ ਹੈ|