ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਤੇ 6 ਦਸੰਬਰ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ
ਚੰਡੀਗੜ੍ਹ – ਸੂਬੇ ਵਿੱਚ ਹੋਰ ਨਿਵੇਸ਼ ਲਿਆਉਣ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਨੂੰ ਆਖਿਆ ਕਿ 5-6 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਲਈ ਦਿੱਗਜ਼ ਸਨਅਤਕਾਰਾਂ ਨੂੰ ਸੱਦਾ ਦਿੱਤਾ ਜਾਵੇ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪ੍ਰਬੰਧਕੀ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਗਠਿਤ ਕੀਤੀਆਂ 11 ਕਮੇਟੀਆਂ ਦੀ ਅਗਵਾਈ ਕਰ ਰਹੇ ਪ੍ਰਸ਼ਾਸਕੀ ਸਕੱਤਰਾਂ ਦੀ ਭੂਮਿਕਾ ਤੇ ਡਿਊਟੀਆਂ ‘ਚ ਤਾਲਮੇਲ ਬਿਠਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਤੇ ਫੂਡ ਪ੍ਰੋਸੈਸਿੰਗ, ਸੂਚਨਾ ਤਕਨਾਲੋਜੀ ਅਤੇ ਇਸ ‘ਤੇ ਆਧਾਰਤ ਸੇਵਾਵਾਂ, ਇੰਡਸਟਰੀ 4.0, ਕੱਪੜਾ, ਸਟਾਰਟਅੱਪ, ਸਿਹਤ ਸੰਭਾਲ, ਜੀਵ ਵਿਗਿਆਨ ਅਤੇ ਵੈਲਨੈੱਸ ਤੇ ਸੈਰ-ਸਪਾਟਾ ‘ਤੇ ਕਰਵਾਏ ਜਾਣ ਵਾਲੇ ਤਕਨੀਕੀ ਸੈਸ਼ਨਾਂ ਦੀ ਵਿਸਥਾਰਤ ਰੂਪ-ਰੇਖਾ ‘ਤੇ ਵੀ ਚਰਚਾ ਕੀਤੀ | ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਸੰਮੇਲਨ ਸੂਬੇ ਵਿੱਚ ਵਿਆਪਕ ਉਦਯੋਗਿਕ ਵਿਕਾਸ ਲਈ ਬਹੁਤ ਸਹਾਈ ਹੋਵੇਗਾ | ਉਨ੍ਹਾਂ ਨੇ ਨਿਵੇਸ਼ ਪੰਜਾਬ ਨੂੰ ਆਖਿਆ ਕਿ ਇਹ ਸਿਹਤਮੰਦ ਮੰਚ ਪੰਜਾਬ ਨੂੰੰ ਘਰੇਲੂ ਅਤੇ ਆਲਮੀ ਨਿਵੇਸ਼ਕਾਰਾਂ ਦਰਮਿਆਨ ਨਿਵੇਸ਼ ਲਈ ਤਰਜੀਹੀ ਸਥਾਨ ਵਜੋਂ ਉਭਾਰਨ ਲਈ ਵਰਤਿਆ ਜਾਵੇ |ਮੁੱਖ ਮੰਤਰੀ ਨੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਨੂੰ ਮੁਲਕ ਅਤੇ ਵਿਦੇਸ਼ਾਂ ਤੋਂ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀ ਸੂਬੇ ਦੇ ਪ੍ਰਮੁੱਖ ਉਦਮੀਆਂ ਨਾਲ ਆਹਮੋ-ਸਾਹਮਣੀ ਗੱਲਬਾਤ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਆਖਿਆ ਤਾਂ ਕਿ ਵੱਖ-ਵੱਖ ਸੈਕਟਰਾਂ ਵਿੱਚ ਉਦਯੋਗਿਕ ਯੂਨਿਟ ਸਥਾਪਤ ਕਰਨ ਲਈ ਤਕਨੀਕੀ ਭਾਈਵਾਲੀ ਦੇ ਨਾਲ-ਨਾਲ ਤਕਨਾਲੋਜੀ ਦੇ ਆਦਾਨ ਪ੍ਰਦਾਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ | ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਨਿਵੇਸ਼ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਸੰਮੇਲਨ ਦੇ ਹਿੱਸੇ ਵਜੋਂ ਨਿਵੇਸ਼ ਪੰਜਾਬ ਦੀ ਟੀਮ ਨੇ ਕਈ ਰੋਡ ਸ਼ੋਅ, ਕਾਨਫਰੰਸਾਂ ਅਤੇ ਉਦਯੋਗਾਂ ਦੇ ਦੌਰੇ ਕਰਨ ਦੀ ਯੋਜਨਾ ਉਲੀਕੀ ਹੈ ਤਾਂ ਕਿ ਨਿਵੇਸ਼ਕਾਰਾਂ, ਉਦਯੋਗਪਤੀਆਂ ਅਤੇ ਸਿਵਲ ਸੁਸਾਇਟੀ ਨੂੰ ਪੰਜਾਬ ਵਿੱਚ ਬਿਜ਼ਨਸ ਦੀ ਮਜ਼ਬੂਤੀ ਲਈ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਅਤੇ ਛੋਟਾਂ ਬਾਰੇ ਜਾਣੂ ਕਰਵਾਇਆ ਜਾ ਸਕੇ | ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਇਸ ਸੰਮੇਲਨ ਤੋਂ ਪਹਿਲਾਂ 29 ਅਤੇ 30 ਅਗਸਤ ਨੂੰ ਬੰਗਲੌਰ ਵਿਖੇ ਇਨਵੈਸਟ ਨੌਰਥ ਸਮਾਗਮ, 5 ਸਤੰਬਰ ਨੂੰ ਦਿੱਲੀ ਵਿੱਚ ਅੰਬੈਸਡਰ ਨਾਲ ਸੰਪਰਕ ਪ੍ਰੋਗਰਾਮ ਅਤੇ 3 ਅਤੇ 4 ਅਕਤੂਬਰ ਨੂੰ ਭਾਰਤੀ ਆਰਥਿਕ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਤਾਂ ਕਿ ਪੰਜਾਬ ਨਿਵੇਸ਼ ਸੰਮੇਲਨ 2019 ਦਾ ਮੁਢ ਬੰਨਿਆ ਜਾ ਸਕੇ |ਇਸੇ ਦੌਰਾਨ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਸੰਖੇਪ ਪੇਸ਼ਕਾਰੀ ਦਿੰਦਿਆਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ ਸੰਮੇਲਨ ਦੌਰਾਨ 10 ਸੈਸ਼ਨਾਂ ਤੋਂ ਇਲਾਵਾ ਸਰਕਾਰ ਅਤੇ ਕਾਰੋਬਾਰੀਆਂ ਦਰਮਿਆਨ ਮੀਟਿੰਗਾਂ ਅਤੇ ਸਥਾਨਕ ਉਦਯੋਗ ਦਿਆਂ ਵਸਤਾਂ ਦੀ ਨੁਮਾਇਸ਼ ਵੀ ਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਉਦਘਾਟਨੀ ਸੰਬੋਧਨ ਲਈ ਮੋਹਰੀ ਉਦਮੀਆਂ, ਪੇਸ਼ੇਵਰਾਂ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਵੱਲੋਂ ਲਗਭਗ 3000 ਸੱਦਾ ਪੱਤਰ ਭੇਜੇ ਜਾਣਗੇ |ਇਸ ਮੌਕੇ ਸਨਅਤ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ , ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਕਰ ਅਤੇ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਰਵਨੀਤ ਕੌਰ, ਪ੍ਰਮੁੱਖ ਸਕੱਤਰ (ਵਿੱਤ) ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ (ਸਿਹਤ) ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ (ਪੀ.ਡਬਲਿਊ.ਡੀ) ਹੁਸਨ ਲਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਉਦਯੋਗ ਦੇ ਡਾਇਰੈਕਟਰ ਸੀ. ਸਿੱਬਨ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਸੀ.ਆਈ.ਆਈ. ਦੇ ਖੇਤਰੀ ਡਾਇਰੈਕਟਰ ਅੰਕੁਰ ਸਿੰਘ ਚੌਹਾਨ ਹਾਜ਼ਰ ਸਨ |