6 ਵਿਕਟਾਂ ਨਾਲ ਹਰਾ ਭਾਰਤ ਨੇ ਵਿੰਡੀਜ਼ ਨੂੰ ਕੀਤਾ 2-0 ਨਾਲ ਕਲੀਨ ਸਵੀਪ
ਕਪਤਾਨ ਵਿਰਾਟ ਕੋਹਲੀ ਦੇ ਲਗਾਤਾਰ ਦੂਸਰੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੂੰ ਤੀਜੇ ਅਤੇ ਆਖਰੀ ਵਨ ਡੇ ਵਿਚ 6 ਵਿਕਟਾਂ ਨਾਲ ਹਰਾ ਕੇ ਟੀਮ ਇੰਡੀਆ ਨੇ ਸੀਰੀਜ਼ ਆਪਣੇ ਨਾਂ ਕਰ ਲਈ। ਬਾਰਿਸ਼ ਕਾਰਣ ਸੀਰੀਜ਼ ਦਾ ਪਹਿਲਾ ਮੈਚ ਰੱਦ ਹੋ ਗਿਆ ਸੀ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਖਤਰਨਾਕ ਓਪਨਰ ਕ੍ਰਿਸ ਗੇਲ ਦੀਆਂ 72 ਦੌੜਾਂ ਦੀ ਧੂੰਆਂਧਾਰ ਪਾਰੀ ਅਤੇ ਏਵਿਨ ਲੁਈਸ ਦੀਆਂ 29 ਗੇਂਦਾਂ ਵਿਚ 43 ਦੌੜਾਂ ਦੀ ਬਦੌਲਤ 35 ਓਵਰਾਂ ਵਿਚ 7 ਵਿਕਟਾਂ ‘ਤੇ 240 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਵਿੰਡੀਜ਼ ਦੀ ਪਾਰੀ ਦੇ 22ਵੇਂ ਓਵਰ ਵਿਚ ਬਾਰਿਸ਼ ਆਉਣ ਕਾਰਨ ਮੈਚ ਨੂੰ 35-35 ਓਵਰ ਦਾ ਕਰ ਦਿੱਤਾ ਗਿਆ ਸੀ। ਇਸ ਲਈ ਭਾਰਤ ਨੂੰ ਡਕਵਰਥ ਲੁਈਸ ਤਕਨੀਕ ਦੇ ਆਧਾਰ ‘ਤੇ 255 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 32.3 ਓਵਰਾਂ ਵਿਚ 4 ਵਿਕਟਾਂ ‘ਤੇ 256 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੂਜੇ ਵਨ ਡੇ ਵਿਚ 120 ਦੌੜਾਂ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ 99 ਗੇਂਦਾਂ ਵਿਚ ਅਜੇਤੂ 114 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 14 ਚੌਕੇ ਸ਼ਾਮਲ ਹਨ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਚੌਥੀ ਵਿਕਟ ਲਈ 120 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਅਈਅਰ ਨੇ 41 ਗੇਂਦਾਂ ਵਿਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰਿਆ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਨਿਰਾਸ਼ ਕਰਦੇ ਹੋਏ ਜ਼ੀਰੋ ‘ਤੇ ਆਊਟ ਹੋ ਗਿਆ। ਸ਼ਿਖਰ ਧਵਨ 36 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਕੋਹਲੀ ਦੇ ਨਾਲ ਦੂਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ।