ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਪਾਕਿ ਕੌਕਸ ’ਚ ਸ਼ਾਮਲ
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਸੰਸਦ ਦੇ ਪਾਕਿਸਤਾਨੀ ਕੌਕਸ ਵਿੱਚ ਸ਼ਾਮਲ ਹੋਣ ਮੌਕੇ ਕਿਹਾ ਕਿ ਉਹ ਅਮਰੀਕਾ ਅਤੇ ਭਾਰਤ ਦੇ ਮਜ਼ਬੂਤ ਰਿਸ਼ਤੇ, ਸ਼ਾਂਤੀ ਅਤੇ ਖੇਤਰ ਵਿੱਚ ਸਥਿਰਤਾ ਦੇ ਮੰਤਵਾਂ ਦੀ ਪੂਰਤੀ ਲਈ ਕੰਮ ਕਰਦੇ ਰਹਿਣਗੇ। ਦੂਜੀ ਵਾਰ ਡੈਮੋਕ੍ਰੈਟਿਕ ਪਾਰਟੀ ਦੀ ਸਿਲੀਕੌਨ ਵੈਲੀ ਤੋਂ ਨੁਮਾਇੰਦਗੀ ਕਰ ਰਹੇ ਰੋ ਖੰਨਾ ਪਹਿਲੇ ਭਾਰਤ-ਅਮਰੀਕੀ ਸੰਸਦ ਹਨ, ਜੋ ਪਾਕਿਸਤਾਨ ਦੇ ਸੰਸਦੀ ਕੌਕਸ ਵਿੱਚ ਸ਼ਾਮਲ ਹੋਏ ਹਨ। ਖੰਨਾ ਨੇ ਪਾਕਿਸਤਾਨੀ ਕੌਕਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਮਰੀਕਾ ਫੇਰੀ ਮਗਰੋਂ ਲਿਆ ਹੈ। ਉਨ੍ਹਾਂ ਕਿਹਾ, ‘‘ਮੈਂ ਅਮਰੀਕੀ-ਭਾਰਤੀ ਕੌਕਸ ਦਾ ਮੈਂਬਰ ਹਾਂ ਅਤੇ ਮੈਂ ਕਸ਼ਮੀਰ ਵਿੱਚ ਦਹਿਸ਼ਤੀ ਹਮਲਿਆਂ ਦੀ ਨਿੰਦਾ ਸਬੰਧੀ ਮਤੇ ਦੀ ਹਮਾਇਤ ਕੀਤੀ ਹੈ। ਮੈਂ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਰੱਖਿਆ ਸਬੰਧਾਂ ਦਾ ਹਾਮੀ ਹਾਂ। ਇਸ ਦੇ ਨਾਲ ਹੀ, ਮੈਨੂੰ ਲੱਗਦਾ ਹੈ ਕਿ ਉਸ ਖੇਤਰ ਦੇ ਸਾਰੇ ਮੁਲਕਾਂ, ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਵੀ ਸ਼ਾਮਲ ਹਨ, ਨੂੰ ਅਫ਼ਗਾਨਿਸਤਾਨ ਵਿੱਚ ਸਥਿਰਤਾ ਲਈ ਕੰਮ ਕਰਨਾ ਚਾਹੀਦਾ ਹੈ।