ਭਾਰਤ ਤੇ ਚੀਨ ਇਕ-ਦੂਜੇ ਦੀਆਂ ਤਰਜੀਹਾਂ ਦੀ ਕਦਰ ਕਰਨ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਨੂੰ ਸਬੰਧ ਮਜ਼ਬੂਤ ਕਰਨ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਇਕ-ਦੂਜੇ ਦੀਆਂ ਤਰਜੀਹਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਵਖ਼ਰੇਵਿਆਂ ਨੂੰ ਘੱਟ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ‘ਐਨੇ ਉੱਚ ਪੱਧਰ ’ਤੇ ਪਹੁੰਚ ਗਏ ਹਨ’ ਕਿ ‘ਪੂਰੀ ਦੁਨੀਆ’ ਦਾ ਧੁਰਾ ਬਣਨ ਵੱਲ ਵੱਧ ਰਹੇ ਹਨ। ਮੰਗਲਵਾਰ ਨੂੰ ਚੀਨ ਦਾ ਤਿੰਨ ਦਿਨਾ ਦੌਰਾ ਸਮਾਪਤ ਕਰਨ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਭਾਰਤ-ਚੀਨ ਸਬੰਧਾਂ ’ਤੇ ਵਿਸਤਾਰ ਵਿਚ ਗੱਲਬਾਤ ਕੀਤੀ ਹੈ। ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ ਨੂੰ ਵੀ ਮਿਲੇ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਨਾਲ ਇੰਟਰਵਿਊ ਵਿਚ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਵੱਡੇ ਵਿਕਾਸਸ਼ੀਲ ਮੁਲਕਾਂ ਦੇ ਉੱਭਰਦੇ ਹੋਏ ਅਰਥਚਾਰਿਆਂ ਵਿਚਾਲੇ ਸਹਿਯੋਗ ਪੂਰੇ ਸੰਸਾਰ ਲਈ ਮਹੱਤਵਪੂਰਨ ਹੈ। ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕ ਵੱਡੀ ਆਬਾਦੀ ਵਾਲੇ ਹਨ ਤੇ ਦੁਵੱਲੇ ਸਬੰਧਾਂ ਦਾ ਆਲਮੀ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸੰਸਾਰ ਹੁਣ ‘ਹੋਰ ਜ਼ਿਆਦਾ ਦਿਸ਼ਾਵਾਂ’ ਵੱਲ ਫ਼ੈਲ ਰਿਹਾ ਹੈ ਤੇ ਸੰਸਾਰਕ ਰਣਨੀਤੀਆਂ ਬਦਲ ਰਹੀਆਂ ਹਨ।