December 8, 2024
#ਮਨੋਰੰਜਨ

‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ

ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼’ ਵਲੋਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਉੱਪਰ ਭਾਰਤ ਵਿੱਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉੱਪਰ ‘ਸਦਾ ਲਈ ਪੱਕੀ’ ਪਾਬੰਦੀ ਲਾ ਦਿੱਤੀ ਗਈ ਹੈ।ਫੈਡਰੇਸ਼ਨ ਨੇ ਇਹ ਸਖ਼ਤ ਕਦਮ ਇਸ ਕਰਕੇ ਚੁੱਕਿਆ ਹੈ ਕਿਉਂਕਿ ਮੀਕਾ ਸਿੰਘ ਨੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਉਸ ਸਮੇਂ ਪੇਸ਼ਕਾਰੀ ਦਿੱਤੀ ਜਦੋਂ ਜੰਮੂ ਕਸ਼ਮੀਰ ’ਚ ਧਾਰਾ 370 ਰੱਦ ਕਰਨ ਕਰਕੇ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ’ਤੇ ਅਨਿਸ਼ਚਿਤਤਾ ਬਣੀ ਹੋਈ ਹੈ। ਪਾਕਿਸਤਾਨ ਦੇ ਪੱਤਰਕਾਰ ਵਲੋਂ ਟਵੀਟ ਕੀਤੀ ਗਈ 30 ਸਕਿੰਟਾਂ ਦੀ ਵੀਡੀਓ ਕਲਿਪ ਵਿੱਚ ਮੀਕਾ ਇੱਕ ਸਮਾਗਮ ਵਿੱਚ ਪੇਸ਼ਕਾਰੀ ਦੇ ਰਿਹਾ ਹੈ। ਇਹ ਪੇਸ਼ਕਾਰੀ ਭਾਰਤ ਦੇ 5 ਅਗਸਤ ਦੇ ਫ਼ੈਸਲੇ ਤੋਂ ਬਾਅਦ ਦੀ ਹੈ। ਫੈਡਰੇਸ਼ਨ ਵਲੋਂ ਅੱਜ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ‘‘ਅਸੀਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਵਲੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਕੀਤੀ ਗਈ ਪੇਸ਼ਕਾਰੀ ਤੋਂ ਬੇਹੱਦ ਦੁਖ਼ੀ ਅਤੇ ਖ਼ਫ਼ਾ ਹਾਂ। ਇਹ ਪੇਸ਼ਕਾਰੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਅਤੇ ਵਿਗੜੇ ਸਬੰਧਾਂ ਦੌਰਾਨ ਦਿੱਤੇ ਜਾਣ ਕਾਰਨ ਹੈਰਾਨੀਜਨਕ, ਸ਼ਰਮਨਾਕ ਅਤੇ ਹਿਲਾ ਕੇ ਰੱਖ ਦੇਣ ਵਾਲੀ ਹੈ।