ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਨਵੀਂ ਦਿੱਲੀ ਨੂੰ ‘ਵੱਡਾ ਮੁੱਲ’ ਤਾਰਨਾ ਪਏਗਾ। ਖ਼ਾਨ ਨੇ ਇਹ ਟਿੱਪਣੀ ਅੱਜ ਮੁਜ਼ੱਫ਼ਰਾਬਾਦ ’ਚ ‘ਆਜ਼ਾਦ ਜੰਮੂ ਤੇ ਕਸ਼ਮੀਰ’ ਦੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਜ਼ਿਕਰਯੋਗ ਹੈ ਕਿ ਪਾਕਿ ਨੇ ਅੱਜ ਆਪਣਾ ਆਜ਼ਾਦੀ ਦਿਹਾੜਾ ‘ਕਸ਼ਮੀਰੀਆਂ ਨਾਲ ਇਕਜੁੱਟਤਾ ਪ੍ਰਗਟਾ ਕੇ’ ਮਨਾਇਆ। ਇਮਰਾਨ ਨੇ ਕਿਹਾ ਕਿ ਮੋਦੀ ਤੇ ਭਾਜਪਾ ਸਰਕਾਰ ਨੂੰ ਇਸ ਫ਼ੈਸਲੇ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਿਣਤੀ-ਮਿਣਤੀ ਸਹੀ ਨਹੀਂ ਰੱਖ ਸਕੇ ਤੇ ਆਖ਼ਰੀ ਪੱਤਾ ਖੇਡ ਗਏ ਹਨ। ਕਸ਼ਮੀਰ ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਉਂਦਿਆਂ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਨੇ ਕਿਹਾ ਕਿ ‘ਉਹ ਕਸ਼ਮੀਰ ਦੀ ਆਵਾਜ਼ ਤੇ ਇਸ ਦਾ ਨੁਮਾਇੰਦਾ ਬਣਨਗੇ’।