ਕੈਪਟਨ ਅਮਰਿੰਦਰ ਸਿੰਘ ਵੱਲੋਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕਰਨ ਦੇ ਫੈਸਲੇ ਦਾ ਸਵਾਗਤ
ਰੱਖਿਆ ਸੈਨਾਵਾਂ ਦੇ ਕਮਾਂਡ ਢਾਂਚੇ ਦੀ ਮਜ਼ਬੂਤੀ ਲਈ ਵੱਡਾ ਕਦਮ ਦੱਸਿਆ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਭਾਰਤੀ ਫੌਜ ਦੇ ਸਾਬਕਾ ਅਫਸਰ ਹਨ, ਨੇ ਪ੍ਰਧਾਨ ਮੰਤਰੀ ਵੱਲੋਂ ਮੁਲਕ ਲਈ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ) ਦੇ ਅਹੁਦੇ ਦੀ ਸਿਰਜਣਾ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਦੇਸ਼ ਦੀਆਂ ਰੱਖਿਆ ਸੈਨਾਵਾਂ ਦੇ ਕਮਾਂਡ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਨਵੀਂਆਂ ਲੀਹਾਂ ‘ਤੇ ਪਾਉਣ ਲਈ ਇਕ ਅਹਿਮ ਕਦਮ ਦੱਸਿਆ।ਮੁੱਖ ਮੰਤਰੀ ਨੇ ਕਿਹਾ ਕਿ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਕਾਰਗਿਲ ਜੰਗ ਦੇ ਸੰਦਰਭ ਵਿੱਚ ਤਤਕਾਲੀ ਯੂ.ਪੀ.ਏ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਕਿਹਾ ਕਿ ਇਹ ਕਦਮ ਭਾਰਤੀ ਸੈਨਾਵਾਂ ਦੇ ਕਮਾਂਡ ਤੇ ਕੰਟਰੋਲ ਸਿਸਟਮ ਨੂੰ ਸੁਧਾਰਨ ਲਈ ਸਹਾਈ ਸਿੱਧ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ.ਡੀ.ਐਸ ਦਾ ਸੁਝਾਅ ਯੂ.ਪੀ.ਏ ਸਰਕਾਰ ਮੌਕੇ ਸਾਲ 2009 ਵਿੱਚ ਨਰੇਸ਼ ਚੰਦਰਾ ਕਮੇਟੀ ਵੱਲੋਂ ਸਥਾਈ ਰੂਪ ਵਿਚ ਸਟਾਫ ਕਮੇਟੀ ਦੇ ਮੁਖੀਆਂ ਦਾ ਚੇਅਰਮੈਨ (ਸੀ.ਓ.ਐਸ.ਸੀ) ਲਾਉਣ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਫੈਸਲਾ ਉਸ ਵੇਲੇ ਲਾਗੂ ਨਹੀਂ ਕੀਤਾ ਜਾ ਸਕਿਆ ਸੀ ਪਰ ਇਹ ਮਹਿਸੂਸ ਕੀਤਾ ਜਾਂਦਾ ਰਿਹਾ ਹੈ ਕਿ ਅਜਿਹੇ ਅਹੁਦੇ ਦੀ ਸਿਰਜਣਾ ਨਾਲ ਰੱਖਿਆ ਸੈਨਾਵਾਂ ਵਿਚ ਹੋਰ ਵਧੇਰੇ ਤਾਲਮੇਲ ਅਤੇ ਇਕਜੁਟਤਾ ਹੋਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੀ.ਡੀ.ਐਸ ਨਾਲ ਤਿੰਨੇ ਰੱਖਿਆ ਸੈਨਾਵਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਇਕਮੁੱਠ ਹੋਣ ਨਾਲ ਉਨ੍ਹਾਂ ਦੀ ਤਾਕਤ ਹੋਰ ਵਧੇਗੀ। ਸੀ.ਡੀ.ਐਸ ਦੇ ਰੱਖਿਆ ਸੈਨਾਵਾਂ ਨਾਲ ਸਬੰਧਤ ਮਾਮਲਿਆਂ ਵਿਚ ਭਾਰਤ ਸਰਕਾਰ ਦੇ ਸਲਾਹਕਾਰ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ ਜੋ ਇੱਕ ਪੇਸ਼ੇਵਰ ਸੰਸਥਾ ਦੇ ਤੌਰ ‘ਤੇ ਕੌਮੀ ਸੁਰੱਖਿਆ ਦੇ ਮਾਮਲਿਆਂ ਵਿਚ ਕੇਂਦਰ ਸਰਕਾਰ ਨੂੰ ਆਪਣੀ ਸਲਾਹ ਦਿਆ ਕਰੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਸੁਰੱਖਿਆ ਮਾਹੌਲ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿਚ ਆਉਣ ਵਾਲੇ ਸਾਲਾਂ ‘ਚ ਸੀ.ਡੀ.ਐਸ ਦੀ ਭੂਮਿਕਾ ਹੋਰ ਵੀ ਅਹਿਮ ਹੋਵੇਗੀ। ਸੀ.ਡੀ.ਐਸ ਰੱਖਿਆ ਸੈਨਾਵਾਂ ਦੀਆਂ ਤਰਜੀਹਾਂ ਅਤੇ ਲੋੜਾਂ ਨੂੰ ਵਿਚਾਰਿਆ ਕਰੇਗਾ ਜਿਸ ਨਾਲ ਸੈਨਾਵਾਂ ਵਿਚ ਪੇਸ਼ੇਵਾਰਾਨਾ ਪਹੁੰਚ ਹੋਰ ਕਾਰਗਰ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਨਾਵਾਂ ਦੇ ਆਕਾਰ ਅਤੇ ਪੇਚੀਦਗੀ ਦੇ ਮੱਦੇਨਜ਼ਰ ਇੱਕ ਕੰਟਰੋਲ ਯੂਨਿਟ ਹੋਣਾ ਭਾਰਤ ਲਈ ਇੱਛਾ ਨਾਲੋਂ ਲੋੜ ਵੱਧ ਹੈ।