ਅੰਤਰਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸੂਬਿਆਂ ਅੰਦਰ ਸੰਗਤ ’ਚ ਭਰਵਾਂ ਉਤਸ਼ਾਹ
ਨਗਰ ਕੀਰਤਨ ਪੰਥਕ ਜਾਹੋ-ਜਲਾਲ ਨਾਲ ਕਾਂਸ਼ੀਪੁਰ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ
ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਂਸ਼ੀਪੁਰ (ਉਤਰਾਖੰਡ) ਤੋਂ ਅੱਗੇ ਰਵਾਨਾ ਹੋਇਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜ਼ਨੌਰ ’ਚ ਪੈਂਦੇ ਧਾਮਪੁਰ ਤੋਂ ਨਗਰ ਕੀਰਤਨ ਦਾ ਇਥੇ ਪੁੱਜਣ ’ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਅੱਜ ਜਿਉਂ ਹੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਹਜ਼ਾਰਾਂ ਸੰਗਤਾਂ ਨੇ ਫੁੱਲ ਪੱਤੀਆਂ ਦੀ ਵਰਖਾ ਕਰਕੇ ਸ਼ਰਧਾ ਪ੍ਰਗਟਾਈ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਅਰਦਾਸ ਕੀਤੀ ਅਤੇ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਕਾਂਸ਼ੀਪੁਰ ਵਿਖੇ ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਸੁਰਿੰਦਰ ਸਿੰਘ, ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸ. ਬਲਦੇਵ ਸਿੰਘ ਔਲਖ, ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੇ ਮੈਂਬਰ ਸ. ਨਿਸ਼ਾਨ ਸਿੰਘ, ਸ. ਲਖਵਿੰਦਰ ਸਿੰਘ, ਸ. ਜੋਗਿੰਦਰ ਸਿੰਘ ਛੀਨਾ, ਸ. ਦਵਿੰਦਰ ਸਿੰਘ ਨਗਰ ਪ੍ਰਧਾਨ ਕਾਂਸ਼ੀਪੁਰ, ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਇੰਚਾਰਜ ਸ. ਗੁਰਦਿਆਲ ਸਿੰਘ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਭਾਈ ਹਰਜਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਉਤਰਾਖੰਡ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸੇ ਦੌਰਾਨ ਬੀਤੇ ਕੱਲ੍ਹ ਨਗਰ ਕੀਰਤਨ ਦੇ ਹਰਿਦੁਆਰ ਤੋਂ ਕੁਝ ਕਿਲੋਮੀਟਰ ਦੂਰ ਗੁਰਦੁਆਰਾ ਸੰਤ ਸਾਗਰ ਗੈਂਡੀਖਾਤਾ ਵਿਖੇ ਪੁੱਜਣ ’ਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਮੀਤ ਸਿੰਘ ਕਾਦੀਆਂ ਤੇ ਸ. ਬਲਦੇਵ ਸਿੰਘ, ਸ. ਸੁਖਦਰਸ਼ਨ ਸਿੰਘ ਮੈਂਬਰ ਘੱਟਗਿਣਤੀ ਕਮਿਸ਼ਨ ਉੱਤਰ ਪ੍ਰਦੇਸ਼, ਭਾਈ ਰਾਮ ਸਿੰਘ ਭਿੰਡਰ, ਬਾਬਾ ਪਰਮਜੀਤ ਸਿੰਘ, ਸ. ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ ਸਮੇਤ ਹੋਰਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਥੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ। ਕਾਰਸੇਵਾ ਭੂਰੀਵਾਲਿਆਂ ਵੱਲੋਂ ਇਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸਤਵੰਤ ਸਿੰਘ ਸਲੂਜਾ, ਸ. ਅਮਰਜੀਤ ਸਿੰਘ ਸਿਧਾਣਾ, ਸ. ਰਵਿੰਦਰ ਸਿੰਘ, ਸ. ਤਰਲੋਚਨ ਸਿੰਘ, ਸ. ਭਾਗ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਪ੍ਰਤੀ ਵੱਖ-ਵੱਖ ਸੂਬਿਆਂ ਅੰਦਰ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਗਤ ਕਈ-ਕਈ ਘੰਟਿਆਂ ਤੱਕ ਨਗਰ ਕੀਰਤਨ ਦੇ ਸਵਾਗਤ ਲਈ ਇੰਤਜ਼ਾਰ ਕਰ ਰਹੀਆਂ ਹਨ।