December 4, 2024
#ਖੇਡਾਂ

ਬਜਰੰਗ ‘ਖੇਲ ਰਤਨ’ ਲਈ ਨਾਮਜ਼ਦ

ਏਸ਼ੀਆ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਅੱਜ ਦੇਸ਼ ਦੇ ਸਰਵੋਤਮ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ। ਇੱਕ ਸਾਲ ਪਹਿਲਾਂ ਉਸ ਨੇ ਇਹ ਪੁਰਸਕਾਰ ਨਾ ਮਿਲਣ ਕਾਰਨ ਅਦਾਲਤ ਜਾਣ ਦੀ ਧਮਕੀ ਦਿੱਤੀ ਸੀ। ਉਸ ਦੇ ਨਾਮ ਬਾਰੇ ਫ਼ੈਸਲਾ 12 ਮੈਂਬਰੀ ਚੋਣ ਕਮੇਟੀ ਨੇ ਦੋ ਰੋਜ਼ਾ ਮੀਟਿੰਗ ਦੇ ਪਹਿਲੇ ਦਿਨ ਲਿਆ। ਜਸਟਿਸ (ਸੇਵਾਮੁਕਤ) ਮੁਕੁੰਦਕਮ ਸ਼ਰਮਾ ਦੀ ਪ੍ਰਧਾਨਗੀ ਵਾਲੇ ਪੈਨਲ ਵਿੱਚ ਬਾਈਚੁੰਗ ਭੂਟੀਆ ਅਤੇ ਐਮਸੀ ਮੇਰੀ ਕੌਮ ਵੀ ਸ਼ਾਮਲ ਹਨ।ਇਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਦੱਸਿਆ, ‘‘ਬਜਰੰਗ ਨੂੰ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ। ਉਸ ਦੇ ਨਾਮ ਬਾਰੇ ਫੈਸਲਾ ਸਰਬਸੰਮਤੀ ਨਾਲ ਹੋਇਆ।’’ਸੂਤਰ ਨੇ ਇਹ ਵੀ ਕਿਹਾ ਕਿ 12 ਮੈਂਬਰੀ ਪੈਨਲ ਸ਼ਨਿੱਚਰਵਾਰ ਨੂੰ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰ ਦੇ ਨਾਮ ਬਾਰੇ ਫ਼ੈਸਲਾ ਲੈਣ ਤੋਂ ਇਲਾਵਾ ਸਿਖਰਲੇ ਸਨਮਾਨ ਲਈ ਇੱਕ ਹੋਰ ਖਿਡਾਰੀ ਦਾ ਨਾਮ ਚੁਣ ਸਕਦੀ ਹੈ। ਅੱਜ ਇਸ ਖ਼ਬਰ ਮਗਰੋਂ ਬਜਰੰਗ ਨੇ ਮੰਨਿਆ ਕਿ ਉਹ ਇਸ ਪੁਰਸਕਾਰ ਲੈਣ ਦਾ ਹੱਕਦਾਰ ਉਮੀਦਵਾਰ ਹੈ।ਬਜਰੰਗ ਇਸ ਸਮੇਂ ਜਾਰਜੀਆ ਵਿੱਚ ਸਿਖਲਾਈ ਲੈ ਰਿਹਾ ਹੈ। ਉਸ ਨੇ ਕਿਹਾ, ‘‘ਮੇਰਾ ਕੰਮ ਸਖ਼ਤ ਮਿਹਨਤ ਕਰਨਾ ਹੈ। ਮੇਰਾ ਧਿਆਨ ਪੁਰਸਕਾਰਾਂ ’ਤੇ ਨਹੀਂ, ਸਗੋਂ ਹਮੇਸ਼ਾ ਆਪਣੇ ਪ੍ਰਦਰਸ਼ਨ ’ਤੇ ਰਹਿੰਦਾ ਹੈ, ਪਰ ਜੇਕਰ ਤੁਸੀਂ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਸਨਮਾਨ ਜ਼ਰੂਰ ਮਿਲਦਾ ਹੈ।’’ ਉਸ ਨੇ ਕਿਹਾ, ‘‘ਇਸ ਪੁਰਸਕਾਰ ਲਈ ਮੇਰੇ ਕੋਲ ਪ੍ਰਾਪਤੀਆਂ ਸਨ। ਮੈਂ ਹਮੇਸ਼ਾ ਹੀ ਕਿਹਾ ਕਿ ਇਹ ਪੁਰਸਕਾਰ ਸਭ ਤੋਂ ਹੱਕਦਾਰ ਖਿਡਾਰੀ ਨੂੰ ਹੀ ਮਿਲਣਾ ਚਾਹੀਦਾ ਹੈ।’’ ਬਜਰੰਗ ਨੇ ਬੀਤੇ ਸਾਲ ਜਕਾਰਤਾ ਏਸ਼ਿਆਈ ਖੇਡਾਂ ਵਿੱਚ 65 ਕਿਲੋ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ।