December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਕਸ਼ਮੀਰ ’ਚ ਅਗਲੇ ਦੋ ਦਿਨਾਂ ’ਚ ਬਹਾਲ ਹੋਵੇਗੀ ਫੋਨ ਸੇਵਾ

ਸ੍ਰੀਨਗਰ – ਜੰਮੂ ਤੇ ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ.ਸੁਬਰਾਮਨੀਅਮ ਨੇ ਕਸ਼ਮੀਰ ਵਿੱਚ ਆਇਦ ਪਾਬੰਦੀਆਂ ਨੂੰ ਪੜਾਅਵਾਰ ਤੇ ‘ਤਰੀਕੇ ਸਿਰ’ ਹਟਾ ਲੈਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਕਸ਼ਮੀਰ ਵਿੱਚ ਜ਼ਿਆਦਾਤਰ ਫੋਨ ਲਾਈਨਾਂ ਨੂੰ ਅਗਲੇ ਦੋ ਦਿਨਾਂ (ਅੱਜ ਰਾਤ ਤੇ ਭਲਕ ਤੋਂ) ਜਦੋਂਕਿ ਸਕੂਲ ਅਗਲੇ ਹਫ਼ਤੇ ਤੱਕ ਖੋਲ੍ਹ ਦਿੱਤੇ ਜਾਣਗੇ। ਮੁੱਖ ਸਕੱਤਰ ਨੇ ਕਿਹਾ ਕਿ ਇਹਤਿਆਤ ਵਜੋਂ ਹਿਰਾਸਤ ’ਚ ਲਏ ਆਗੂਆਂ ਬਾਰੇ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਤੇ ਅਮਨ-ਕਾਨੂੰਨ ਦੀ ਸਮੀਖਿਆ ਦੇ ਅਧਾਰ ’ਤੇ ਢੁੱਕਵਾਂ ਫੈਸਲਾ ਲਿਆ ਜਾਵੇਗਾ।‘ਜੰਮੂ ਤੇ ਕਸ਼ਮੀਰ ਵਿਚਲੇ ਸਰਕਾਰੀ ਦਫ਼ਤਰਾਂ ਨੇ ਅੱਜ ਵਾਦੀ ਵਿੱਚ ਆਮ ਵਾਂਗ ਕੰਮ ਕੀਤਾ ਤੇ ਇਸ ਮੌਕੇ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ, ‘ਵਾਦੀ ਵਿੱਚ ਆਇਦ ਪਾਬੰਦੀਆਂ ਵਿੱਚ ਆਉਂਦੇ ਇਕ ਦੋ ਦਿਨਾਂ ਵਿੱਚ ਪੜਾਅਵਾਰ ਢਿੱਲ ਦਿੱਤੀ ਜਾਵੇਗੀ। ਮੌਜੂਦਾ ਹਾਲਾਤ ਤੇ ਲੋਕਾਂ ਵੱਲੋਂ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਦਿੱਤੇ ਜਾਣ ਵਾਲੇ ਸਹਿਯੋਗ ਨੂੰ ਵੇਖਦਿਆਂ ਫੈਸਲਾ ਲਿਆ ਜਾਵੇਗਾ। ਸੋਮਵਾਰ ਤੋਂ ਇਲਾਕੇ ਮੁਤਾਬਕ ਸਕੂਲ ਖੋਲ੍ਹੇ ਜਾ ਸਕਦੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।’ਸ੍ਰੀ ਸੁਬਰਾਮਨੀਅਮ ਨੇ ਕਿਹਾ ਕਿ ਟੈਲੀਕਾਮ ਕੁਨੈਕਟੀਵਿਟੀ, ਜੋ ਕਿ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ, ਨੂੰ ਦਹਿਸ਼ਤੀ ਜੱਥੇਬੰਦੀਆਂ ਵੱਲੋਂ ਦਰਪੇਸ਼ ਖ਼ਤਰੇ ਦੇ ਮੱਦੇਨਜ਼ਰ ਪੜਾਅਵਾਰ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਟੈਲੀਫੋਨ ਲਾਈਨਾਂ ਨੂੰ ਅੱਜ ਰਾਤ ਅਤੇ ਭਲਕ ਤੋਂ ਬਹਾਲ ਕਰ ਦਿੱਤਾ ਜਾਵੇਗਾ। ਭਲਕ ਸਵੇਰ ਤੋਂ ਸ੍ਰੀਨਗਰ ਦੇ ਬਹੁਤੇ ਹਿੱਸਿਆਂ ਵਿੱਚ ਟੈਲੀਫੋਨ ਕੰਮ ਕਰਨਗੇ। ਬੀਐੱਸਐੱਨਐੱਲ ਨੂੰ ਮੁੜ ਸਰਗਰਮ ਹੋਣ ਵਿੱਚ ਆਉਣ ’ਚ ਕੁਝ ਘੰਟੇ ਲੱਗਣਗੇ। ਅਗਲੇ ਦੋ ਦਿਨਾਂ ਵਿੱਚ ਜ਼ਿਆਦਾਤਰ ਲਾਈਨਾਂ ਚਾਲੂ ਹੋ ਜਾਣਗੀਆਂ।’ ਮੁੱਖ ਸਕੱਤਰ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਨੇ ਜ਼ਰੂਰੀ ਸਾਮਾਨ ਤੇ ਦਵਾਈਆਂ ਆਦਿ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕੇ ਹਨ।ਸ੍ਰੀ ਸੁਬਰਾਮਨੀਅਮ ਨੇ ਕਿਹਾ ਕਿ ਮੀਡੀਆ ਲਈ ਵਿਸ਼ੇਸ਼ ਤੌਰ ’ਤੇ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਸੀਨੀਅਰ ਅਧਿਕਾਰੀਆਂ ਵੱਲੋਂ ਸੂਬੇ ਦੇ ਹਾਲਾਤ ਬਾਰੇ ਨਿਯਮਤ ਪ੍ਰੈੱਸ ਬ੍ਰੀਫ਼ਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁੱਖ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ ਜਦੋਂਕਿ ਸੈਟੇਲਾਈਟ ਤੇ ਕੇਬਲ ਟੀਵੀ ਨੈੱਟਵਰਕ ਵੀ ਅਪਰੇਸ਼ਨਲ ਹਨ।ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਲੋਕਾਂ ਨੂੰ ਜੰਮੂ ਤੇ ਕਸ਼ਮੀਰ ਵਿੱਚ ਤਾਇਨਾਤ ਸਲਾਮਤੀ ਦਸਤਿਆਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਸਰਕਾਰ ਵੱਲੋਂ ਸੂਬੇ ਵਿੱਚ ਨਿਯਮਤ ਅਧਾਰ ’ਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ।