September 5, 2024
#ਪ੍ਰਮੁੱਖ ਖ਼ਬਰਾਂ #ਭਾਰਤ

ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਫ਼ੈਸਲਾ ਹਾਲਾਤ ’ਤੇ ਨਿਰਭਰ: ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਪ੍ਰਮਾਣੂ ਹਥਿਆਰਾਂ ਦੀ ਵਰਤੋਂ ’ਚ ‘ਪਹਿਲ ਨਾ ਕਰਨ’ ਦੇ ਆਪਣੇ ਸਿਧਾਂਤ ’ਤੇ ‘ਪੂਰੀ ਤਰ੍ਹਾਂ ਕਾਇਮ’ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕੀ ਹੁੰਦਾ ਹੈ, ਇਹ ਸਥਿਤੀਆਂ ’ਤੇ ਨਿਰਭਰ ਕਰਦਾ ਹੈ।ਰੱਖਿਆ ਮੰਤਰੀ ਨੇ ਇਹ ਟਿੱਪਣੀ ਟਵਿੱਟਰ ’ਤੇ ਪੋਖਰਣ ਦਾ ਦੌਰਾ ਕਰਨ ਤੋਂ ਬਾਅਦ ਕੀਤੀ ਹੈ ਜਿੱਥੇ 1998 ਵਿਚ ਅਟਲ ਬਿਹਾਰੀ ਵਾਜਪਈ ਸਰਕਾਰ ਨੇ ਪ੍ਰਮਾਣੂ ਪ੍ਰੀਖ਼ਣ ਕੀਤੇ ਸਨ। ਰਾਜਨਾਥ ਨੇ ਕਿਹਾ ਕਿ ਪੋਖਰਣ ਉਹ ਇਲਾਕਾ ਹੈ ਜੋ ਅਟਲ ਜੀ ਦੇ ਭਾਰਤ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਦੇ ਇਰਾਦੇ ਦੀ ਤਰਜਮਾਨੀ ਕਰਦਾ ਹੈ ਪਰ ਨਾਲ ਹੀ ਇਸ ਨਾਲ ‘ਪਹਿਲ ਨਾ ਕਰਨ’ ਦਾ ਵਾਅਦਾ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਇਸ ਲਈ ਵਚਨਬੱਧ ਰਹੇਗਾ ਪਰ ਭਵਿੱਖੀ ਹਾਲਾਤਾਂ ਮੁਤਾਬਕ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ। ਰਾਜਨਾਥ ਨੇ ਅੱਜ ਪੋਖਰਣ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਟਵੀਟ ’ਚ ਰੱਖਿਆ ਮੰਤਰੀ ਨੇ ਲਿਖਿਆ ਕਿ ਜ਼ਿੰਮੇਵਾਰ ਪ੍ਰਮਾਣੂ ਸ਼ਕਤੀ ਦਾ ਰੁਤਬਾ ਹਰੇਕ ਭਾਰਤੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁਲਕ ਹਮੇਸ਼ਾ ਅਟਲ ਜੀ ਦਾ ਕਰਜ਼ਦਾਰ ਰਹੇਗਾ। ਰਾਜਨਾਥ ਸਿੰਘ ਨੇ ਇਸੇ ਦੌਰਾਨ ਜੈਸਲਮੇਰ ਵਿਚ ਕੌਮਾਂਤਰੀ ਆਰਮੀ ਸਕਾਊਟਸ ਮਾਸਟਰਜ਼ ਮੁਕਾਬਲੇ ਦੇ ਸਮਾਪਤੀ ਸਮਾਗਮ ਵਿਚ ਵੀ ਹਿੱਸਾ ਲਿਆ।