ਧਾਰਾ 370 ਨੂੰ ਮਨਸੂਖ਼ ਕਰਨਾ ਭਾਰਤ ਦਾ ਅੰਦਰੂਨੀ ਮਸਲਾ: ਅਕਬਰੂਦੀਨ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਸੱਯਦ ਅਕਬਰੂਦੀਨ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦਾ ਫ਼ੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕਸ਼ਮੀਰ ਬਾਰੇ ਯੂਐੱਨ ਸਲਾਮਤੀ ਕੌਂਸਲ ਦੀ ਬੰਦ ਕਮਰਾ ਮੀਟਿੰਗ ਉਪਰੰਤ ਉਨ੍ਹਾਂ ਕਿਹਾ, ‘ਧਾਰਾ 370 ਨੂੰ ਲੈ ਕੇ ਭਾਰਤ ਦਾ ਸਟੈਂਡ ਪਹਿਲਾਂ ਵਾਂਗ ਸਪਸ਼ਟ ਹੈ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ। ਅਸੀਂ ਇਸ ਵਿੱਚ ਬਾਹਰੀ ਦਖ਼ਲ ਬਰਦਾਸ਼ਤ ਨਹੀਂ ਕਰਾਂਗੇ।’ ਉਨ੍ਹਾਂ ਕਿਹਾ ਕਿ ਕੁਝ ਦੇਸ਼ ‘ਦਿਖਾਵੇ’ ਵਜੋਂ ਕੌਮੀ ਬਿਆਨ ਜਾਰੀ ਕਰਕੇ ਇਸ ਨੂੰ ਕੌਮਾਂਤਰੀ ਭਾਈਚਾਰੇ ਦੀ ਵਸੀਅਤ ਵਜੋਂ ਪ੍ਰਚਾਰ ਰਹੇ ਹਨ ਤੇ ਉਹ ਭਾਰਤ ਦਾ ਪੱਖ ਰੱਖਣ ਲਈ ਆਏ ਹਨ। ਉਨ੍ਹਾਂ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਮੁਲਕ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਪਾਸਾਰ ਲਈ ਕਸ਼ਮੀਰ ਵਿੱਚ ‘ਹਾਲਾਤ ਨੂੰ ਭਿਆਨਕ’ ਦੱਸ ਰਹੇ ਹਨ।