ਭਾਰਤੀ ਸਫ਼ੀਰ ਨੇ ਪਾਕਿ ਪੱਤਰਕਾਰਾਂ ਵੱਲ ਦੋਸਤੀ ਦਾ ਹੱਥ ਵਧਾਇਆ
ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਯੂਐਨ ਸੁਰੱਖਿਆ ਪਰਿਸ਼ਦ ਦੀ ਬੈਠਕ ਤੋਂ ਬਾਅਦ ਪਾਕਿਸਤਾਨੀ ਪੱਤਰਕਾਰਾਂ ਨਾਲ ਹੱਥ ਮਿਲਾ ਕੇ ਦੋਸਤੀ ਦਾ ਹੱਥ ਵਧਾਇਆ। ਇਹ ਬੈਠਕ ਯੂਐਨ ਦੇ ਸਥਾਈ ਮੈਂਬਰ ਚੀਨ ਦੀ ਮੰਗ ’ਤੇ ਕੀਤੀ ਗਈ ਜਿਸ ਵਿਚ ਕਸ਼ਮੀਰ ਵਿਚੋਂ ਧਾਰਾ-370 ਹਟਾਉਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਵਟਾਂਦਰਾ ਕੀਤਾ ਗਿਆ। ਇਸ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਫੀਰ ਜਾਂਗ ਜੁਨ ਤੇ ਪਾਕਿਸਤਾਨ ਦੀ ਸਫੀਰ ਮਲੀਹਾ ਲੋਧੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਜ਼ਰੂਰ ਕੀਤਾ ਪਰ ਉਹ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ। ਇਸ ਤੋਂ ਬਾਅਦ ਅਕਬਰੂਦੀਨ ਯੂਐਨ ਸਕਿਉਰਿਟੀ ਕੌਂਸਲ ਸਟੇਕਆਊਟ ’ਤੇ ਆਏ ਤੇ ਕਸ਼ਮੀਰ ਤੇ ਧਾਰਾ-370 ਬਾਰੇ ਵਿਚਾਰ ਪ੍ਰਗਟਾਏ। ਉਹ ਭਾਸ਼ਣ ਦੇਣ ਤੋਂ ਬਾਅਦ ਉਥੇ ਹੀ ਰੁਕੇ ਤੇ ਪੱਤਰਕਾਰਾਂ ਨੂੰ ਸਵਾਲ ਪੁੱਛਣ ਲਈ ਕਿਹਾ। ਉਹ ਪਾਕਿਸਤਾਨੀ ਪੱਤਰਕਾਰਾਂ ਵੱਲ ਵਧੇ ਤੇ ਉਨ੍ਹਾਂ ਨਾਲ ਹੱਥ ਮਿਲਾਇਆ। ਪਾਕਿਸਤਾਨੀ ਪੱਤਰਕਾਰ ਨੇ ਕਿਹਾ ਕਿ ਕੀ ਭਾਰਤ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਲਈ ਰਜ਼ਾਮੰਦ ਹੈ ਤਾਂ ਅਕਬਰੂਦੀਨ ਨੇ ਕਿਹਾ ਕਿ ਕੁਝ ਆਮ ਕੂਟਨੀਤਕ ਤਰੀਕਿਆਂ ਨਾਲ ਦੋ ਦੇਸ਼ ਆਪਸ ਵਿਚ ਸੰਪਰਕ ਕਰਦੇ ਹਨ ਪਰ ਇਹ ਗੱਲਬਾਤ ਤਾਂ ਹੀ ਜਾਰੀ ਰਹਿ ਸਕਦੀ ਹੈ ਜੇ ਦੋਹਾਂ ਵਿਚੋਂ ਕੋਈ ਵੀ ਦੇਸ਼ ਦਹਿਸ਼ਤਗਰਦੀ ਨੂੰ ਤਰਜੀਹ ਨਾ ਦੇਵੇ। ਇਸ ਕਰਕੇ ਦਹਿਸ਼ਤਗਰਦੀ ਬੰਦ ਕਰੋ ਤੇ ਗੱਲਬਾਤ ਸ਼ੁਰੂ ਕਰੋ।