ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਵਰੇਗੰਢ ਮੌਕੇ ਰਾਸ਼ਟਰੀ ਸਮਾਗਮ ਦਾ ਉਦਘਾਟਨ
ਅਨੇਕਤਾ ਵਿੱਚ ਏਕਤਾ ਭਾਰਤੀ ਸੱਭਿਆਚਾਰ ਦੀ ਮੌਲਿਕ ਵਿਸ਼ੇਸ਼ਤਾ- ਰਾਜਪਾਲ ਵੀ.ਪੀ ਸਿੰਘ
ਚੰਡੀਗੜ – ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਦਿਵਸ ਵਰੇਗੰਢ ਮੌਕੇ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੁਆਰਾ ਰਾਜ ਭਵਨ ਵਿਖੇ ਆਯੋਜਿਤ ‘ਭਾਰਤੀ ਸੱਭਿਆਚਾਰ: ਅਨੇਕਤਾ ਵਿੱਚ ਏਕਤਾ’ ਰਾਸ਼ਟਰੀ ਸਮਾਗਮ ਦਾ ਉਦਘਾਟਨ ਕੀਤਾ। ਇਸ ਰਾਸ਼ਟਰੀ ਸਮਾਗਮ ਦਾ ਆਯੋਜਨ ਅਚਾਰਿਆ ਡਾ. ਲੋਕਸ਼ਜੀ ਦੀ ਅਗਵਾਈ ਵਿੱਚ ਕੀਤਾ ਗਿਆ। ਆਪਣੇ ਬਿਆਨ ਵਿੱਚ ਰਾਜਪਾਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 24 ਕਾਨਫਰੰਸਾਂ ਆਯੋਜਿਤ ਕਰ ਰਹੀ ਹੈ। ਇਨਾਂ ਕਾਨਫਰੰਸਾਂ ਜ਼ਰੀਏ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਹ ਸਿਰਫ਼ ਇਤਿਹਾਸਕ ਕਦਮ ਹੀ ਨਹੀਂ, ਸਗੋਂ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਲੜੀ ਵਜੋਂ ਪੰਜਾਬ ਦੇ ਇਤਿਹਾਸਕ ਸ਼ਹਿਰ ਚੰਡੀਗੜ ਸਥਿਤ ਰਾਜ ਭਵਨ ਵਿਖੇ ਰਾਸ਼ਟਰੀ ਸਮਾਗਮ ਆਯੋਜਿਤ ਕਰਨ ਲਈ ਸ੍ਰੀ ਵੀ.ਪੀ . ਸਿੰਘ ਬਦਨੌਰ ਨੇ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੇ ਸੰਸਥਾਪਕ ਅਚਾਰਿਆ ਡਾ. ਲੋਕੇਸ਼ਜੀ ਅਤੇ ਹੋਰਨਾਂ ਕਰਮੀਆਂ ਨੂੰ ਵਧਾਈ ਦਿੱਤੀ।ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਾਡੇ ਦੇਸ਼ ਦੇ ਅਨੇਕਾਂ ਮਹਾਂਪੁਰਖਾਂ ਜਿਨਾਂ ਵਿੱਚ ਭਗਵਾਨ ਮਹਾਂਵੀਰ, ਮਹਾਤਮਾ ਗਾਂਧੀ ਆਦਿ ਸ਼ਾਮਲ ਹਨ, ਨੇ ਅਹਿੰਸਾ ਦੇ ਰਾਹ ‘ਤੇ ਚੱਲਣ ਲਈ ਜ਼ੋਰ ਦਿੱਤਾ। ਇਨਾਂ ਮਹਾਂਪੁਰਖਾਂ ਨੇ ਅਹਿੰਸਾ ਦੇ ਮਹੱਤਵ ਨੂੰ ਸਮਝਿਆ, ਇਸਦੀ ਰਾਹ ‘ਤੇ ਚੱਲੇ ਅਤੇ ਅਨੁਭਵ ਦੇ ਆਧਾਰ ‘ਤੇ ਦੂਸਰਿਆਂ ਨੂੰ ਵੀ ਇਸ ਰਾਹ ‘ਤੇ ਚੱਲਣ ਲਈ ਕਿਹਾ। ਭਗਵਾਨ ਮਹਾਂਵੀਰ ਦੇ ਇਨਾਂ ਸਿਧਾਂਤਾਂ ਨੂੰ ਮਹਾਤਮਾ ਗਾਂਧੀ ਨੇ ਅੱਗੇ ਵਧਾਇਆ। ਮਹਾਤਮਾ ਗਾਂਧੀ ਨੇ ਕਿਹਾ ਕਿ ਸਿਰਫ਼ ਕਰਮ ਨਾਲ ਹੀ ਨਹੀਂ, ਮਨ ਅਤੇ ਬਚਨ ਨਾਲ ਵੀ ਹਿੰਸਾ ਕਰਨ ਦੀ ਕੋਸ਼ਿਸ਼ ਨਾ ਕਰੋ। ਉਨਾਂ ਹਿੰਸਾ ਨੂੰ ਰੋਕਣ ਲਈ ਕਈ ਵਾਰ ਸੱਤਿਆਗ੍ਰਹਿ ਅਤੇ ਅਨਸ਼ਨ ਕੀਤੇ। ਅਹਿੰਸਾ ਦੇ ਜ਼ੋਰ ਨਾਲ ਉਨਾਂ ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ। ਇਸ ਮੌਕੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅਹਿੰਸਾ ਵਿਸ਼ਵ ਭਾਰਤੀ ਮੈਗਜ਼ੀਨ ‘ਆਹਵਾਨ’ ਨੂੰ ਲੋਕ ਅਰਪਣ ਕੀਤਾ।ਅਹਿੰਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਅਚਾਰਿਆ ਡਾ. ਲੋਕੇਸ਼ਜੀ ਨੇ ਰਾਸ਼ਟਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੇਕਤਾ ਵਿੱਚ ਏਕਤਾ ਭਾਰਤੀ ਸੰਸਕ੍ਰਿਤੀ ਦੀ ਮੌਲਿਕ ਵਿਸ਼ੇਸ਼ਤਾ ਹੈ। ਧਾਰਮਿਕ ਏਕਤਾ ਇਸਦਾ ਮੂਲਮੰਤਰ ਹੈ। ਸੱਭਿਆਚਾਰਕ ਵਿਭਿੰਨਤਾ ਦਾ ਬਚਾਉ ਅਤੇ ਇਸਨੂੰ ਉਤਸ਼ਾਹਤ ਕਰਨਾ ਮਹਾਤਮਾ ਗਾਂਧੀ ਨੂੰ ਸੱਚੀ ਸਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਉਸ ਵਿੱਚ ਸੱਭਿਆਚਾਰ ਵਿÎਭਿੰਨਤਾ ਵਧੇਰੇ ਜ਼ਰੂਰੀ ਹੈ। ਅਚਾਰਿਆ ਲੋਕੇਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਜੈਨ ਧਰਮ ਤੋਂ ਬਹੁਤ ਪ੍ਰਭਾਵਿਤ ਸਨ, ਉਨਾਂ ਜੈਨ ਧਰਮ ਦੇ ਅਹਿੰਸਾ ਦੇ ਸਿਧਾਂਤ ਨੂੰ ਬਹੁਤ ਅੱਗੇ ਵਧਾਇਆ। ਉਨਾਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਨਾਲੋਂ ਵਿਚਾਰਿਕ ਪ੍ਰਦੂਸ਼ਣ ਵਧੇਰੇ ਖ਼ਤਰਨਾਕ ਹੈ। ਸਾਨੂੰ ਆਪਣੀ ਹੋਂਦ ਅਤੇ ਵਿਚਾਰਾਂ ਦੀ ਤਰਾਂ ਦੂਸਰਿਆਂ ਦੀ ਹੋਂਦ ਅਤੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਨੂੰ ਆਪਣੇ ਧਰਮ ਦਾ ਇਮਾਨਦਾਰੀ ਨਾਲ ਪਾਲਣ ਕਰਨ ਦੇ ਨਾਲ ਨਾਲ ਹੋਰਨਾਂ ਦੇ ਧਰਮਾਂ ਦਾ ਵੀ ਆਦਰ ਕਰਨਾ ਚਾਹੀਦਾ ਹੈ ਅਤੇ ਇਹੀ ਰਸਤਾ ਮਹਾਤਮਾ ਗਾਂਧੀ ਜੀ ਨੇ ਸਾਨੂੰ ਸਿਖਾਇਆ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਚੇਅਰਮੈਨ, ਸ੍ਰੀ ਪਰਮਜੀਤ ਸਿੰਘ ਚੰਡੋਕ, ਬ੍ਰਹਮਸ੍ਰੀ ਯੋਗ ਸੰਸਥਾ ਦੇ ਨਿਰਦੇਸ਼ਕ ਅਤੇ ਯੋਗ ਗੁਰੂ ਬ੍ਰਹਮਚਾਰੀ ਡਾ. ਦਿਨੇਸ਼ ਨੇ ਆਪਣੇ ਵਿਚਾਰ ਸਾਂਝੇ ਕੀਤੇ।