March 27, 2025
#ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਮੇਜ਼ਬਾਨ ਜਾਪਾਨ ਤੇ 2-1 ਨਾਲ ਜਿੱਤ ਹਾਸਲ ਕਰਕੇ ਓਲੰਪਿਕ ਟੈਸਟ ਪ੍ਰਤੀਯੋਗਿਤਾ ਵਿੱਚ ਆਪਣੀ ਮੁਹਿੰਮ ਸ਼ੁਰੂ ਕੀਤੀ| ਭਾਰਤ ਨੇ ਪੈਨਲਟੀ ਕਾਰਨਰ ਮਾਹਿਰ ਗੁਰਜੀਤ ਕੌਰ ਦੀ ਮਦਦ ਨਾਲ ਨੌਵੇਂ ਹੀ ਮਿੰਟ ਵਿੱਚ ਬੜ੍ਹਤ ਬਣਾ ਲਈ ਸੀ ਪਰ ਮੇਜ਼ਬਾਨ ਟੀਮ ਨੇ 16ਵੇਂ ਮਿੰਟ ਵਿੱਚ ਅਕੀ ਮਿਤਸੁਹਾਸੀ ਦੇ ਮੈਦਾਨੀ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕੀਤੀ| ਹਾਲਾਂਕਿ ਗੁਰਜੀਤ ਨੇ ਫਿਰ 35ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਜੋ ਫੈਸਲਾਕੁੰਨ ਰਿਹਾ| ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ 10 ਮਿੰਟ ਵਿੱਚ ਹੀ ਉਸ ਨੂੰ ਕੁਝ ਮੌਕੇ ਮਿਲ ਗਏ| ਦੋਵੇਂ ਟੀਮਾਂ ਓਲੰਪਿਕ ਖੇਡਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ 16 ਖਿਡਾਰੀਆਂ ਦੇ ਨਾਲ ਖੇਡ ਰਹੀਆਂ ਸਨ|
ਦੋਹਾਂ ਟੀਮਾਂ ਨੇ ਸਮੇਂ-ਸਮੇਂ ਤੇ ਪੂਰੇ ਮੈਚ ਦੇ ਦੌਰਾਨ ਖਿਡਾਰਨਾਂ ਨੂੰ ਅੰਦਰ-ਬਾਹਰ ਕੀਤਾ| ਭਾਰਤੀ ਟੀਮ ਜ਼ਿਆਦਾ ਹਮਲਾਵਰ ਸੀ, ਹਾਲਾਂਕਿ ਦੋਵੇਂ ਟੀਮਾਂ ਇਕ ਦੂਜੇ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਹੀਆਂ ਸਨ ਕਿਉਂਕਿ ਦੋਵੇਂ ਟੀਮਾਂ ਪਿਛਲੇ ਦੋ ਸਾਲਾਂ ਵਿੱਚ ਆਪਸ ਵਿੱਚ ਕਾਫੀ ਵਾਰ ਖੇਡੀਆਂ ਹਨ| ਹਾਫ ਟਾਈਮ ਤਕ ਸਕੋਰ 1-1 ਰਿਹਾ| ਤੀਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਸ਼ੁਰੂ ਵਿੱਚ ਦਬਦਬਾ ਬਣਾਇਆ ਅਤੇ 35ਵੇਂ ਮਿੰਟ ਵਿੱਚ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ| 23 ਸਾਲਾ ਗੁਰਜੀਤ ਨੇ ਇਸ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਗੋਲ ਕਰ ਦਿੱਤਾ| ਮੇਜ਼ਬਾਨ ਟੀਮ ਨੇ ਬਚੇ ਹੋਏ ਸਮੇਂ ਵਿੱਚ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਖਿਡਾਰਨਾਂ ਮੌਕਿਆਂ ਦਾ ਲਾਹਾ ਨਹੀਂ ਲੈ ਸਕੀਆਂ|