December 8, 2024
#ਖੇਡਾਂ

ਸਿੰਧੂ ਨੂੰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਦੀ ਉਮੀਦ

ਦੋ ਵਾਰ ਉਪ ਜੇਤੂ ਰਹਿ ਚੁੱਕੀ ਭਾਰਤੀ ਸ਼ਟਲਰ ਪੀਵੀ ਸਿੰਧੂ ਨੂੰ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ ਵਾਰ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੈ।ਸਿੰਧੂ ਬੀਤੇ ਕੁੱਝ ਸਾਲਾਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਕੇ ਲਗਾਤਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ, ਪਰ ਹੁਣ ਤੱਕ ਸੋਨ ਤਗ਼ਮਾ ਨਹੀਂ ਜਿੱਤ ਸਕੀ। ਭਾਰਤ ਦੀ 24 ਸਾਲ ਦੀ ਸੀਨੀਅਰ ਸ਼ਟਲਰ ਹਮੇਸ਼ਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਸਰਵੋਤਮ ਲੈਅ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ, ਪਰ ਦੋ ਵਾਰ ਫਾਈਨਲ ਤੋਂ ਖੁੰਝ ਗਈ। ਉਹ ਸਾਲ 2017 ਸੈਸ਼ਨ ਦੌਰਾਨ 110 ਮਿੰਟ ਤੱਕ ਚੱਲੇ ਮੈਚ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਤੋਂ ਹਾਰ ਗਈ ਅਤੇ 2018 ਫਾਈਨਲ ਵਿੱਚ ਸਪੇਨ ਦੀ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਉਸ ਨੂੰ ਹਰਾ ਦਿੱਤਾ ਸੀ।ਪੰਜਵਾਂ ਦਰਜਾ ਪ੍ਰਾਪਤ ਸਿੰਧੂ ਬੀਤੇ ਮਹੀਨੇ ਇੰਡੋਨੇਸ਼ੀਆ ਓਪਨ ਵਿੱਚ ਉਪ ਜੇਤੂ ਰਹੀ ਸੀ। ਉਹ ਵਿਰੋਧੀਆਂ ਨੂੰ ਹਰਾਉਣ ਲਈ ਆਪਣੀ ਫਿੱਟਨੈੱਸ ਅਤੇ ਡਿਫੈਂਸ ’ਤੇ ਮਿਹਨਤ ਕਰ ਰਹੀ ਹੈ। ਸਿੰਧੂ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨੀ ਤਾਇਪੈ ਦੀ ਪਾਈ ਯੂ ਪੋ ਜਾਂ ਬੁਲਗਾਰੀਆ ਦੀ ਲਿੰਡਾ ਜ਼ੈਚਿਰੀ ਖ਼ਿਲਾਫ਼ ਕਰੇਗੀ। ਸਿੰਧੂ ਨੇ ਕਿਹਾ, ‘‘ਮੈਂ ਆਪਣੇ ਡਿਫੈਂਸ, ਸਰੀਰਕ ਫਿੱਟਨੈੱਸ ’ਤੇ ਕੰਮ ਕੀਤਾ ਹੈ ਅਤੇ ਕੋਰਟ ਅੰਦਰਲੇ ਹੁਨਰ ਨੂੰ ਨਿਖਾਰ ਰਹੀ ਹਾਂ। ਮੈਂ ਸਖ਼ਤ ਮਿਹਨਤ ਕੀਤੀ ਹੈ ਅਤੇ ਮੈਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਮੈਨੂੰ ਬਿਨਾਂ ਦਬਾਅ ਤੋਂ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।’’ ਜੇਕਰ ਸਭ ਕੁੱਝ ਠੀਕ ਠਾਕ ਰਿਹਾ ਤਾਂ ਸਿੰਧੂ ਸੈਮੀ-ਫਾਈਨਲ ਵਿੱਚ ਹਮਵਤਨ ਸਾਇਨਾ ਨੇਹਵਾਲ ਨਾਲ ਭਿੜ ਸਕਦੀ ਹੈ, ਸ਼ਰਤ ਹੈ ਕਿ ਉਹ ਵੀ ਸ਼ੁਰੂਆਤੀ ਗੇੜ ਦੀਆਂ ਚੁਣੌਤੀਆਂ ਪਾਰ ਕਰ ਲਵੇ। ਸਾਇਨਾ ਦੀ ਟੱਕਰ ਸਵਿਟਜ਼ਰਲੈਂਡ ਦੀ ਸਬਰੀਨਾ ਜਾਕੇਟ ਜਾਂ ਨੀਦਰਲੈਂਡ ਦੀ ਸੋਰਾਇਆ ਡੀ ਐਜਬਰਗਨ ਨਾਲ ਹੋਵੇਗੀ।