ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 4500 ਪੱਤਰਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਿਆਂਦਾ
ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਸਾਰਿਆਂ ਨੂੰ ਸਿਹਤ ਬੀਮਾ ਦੇਣ ਲਈ ਲਾਂਚ ਕੀਤੀ ਮਹੱਤਵਪੂਰਨ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਵਿੱਚ ਪੱਤਰਕਾਰਾਂ ਨੂੰ ਵੀ ਕਵਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸਕੀਮ ਅਧੀਨ ਲੱਗਭੱਗ 4500 ਪੱਤਰਕਾਰਾਂ ਨੂੰ ਫਾਇਦਾ ਮਿਲੇਗਾ। ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਨੂੰ ਸਿਹਤ ਬੀਮਾ ਦੇਣ ਲਈ ਸੁਰੂ ਕੀਤੀ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਕੇ ਸੂਬਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਤਹਿਤ 42.5 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਹੈ ਜਿਹੜੀ ਕਿ ਪਹਿਲੀ ਜੁਲਾਈ 2019 ਤੋਂ ਅਮਲ ਵਿੱਚ ਲਿਆਂਦੀ ਗਈ ਹੈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਐਕਰੀਡੇਟਿਡ ਕੀਤੇ ਅਤੇ ਪੀਲਾ ਕਾਰਡ ਧਾਰਕ ਪੱਤਰਕਾਰ ਇਸ ਸਕੀਮ ਦਾ ਫਾਇਦਾ ਲੈਣ ਲਈ ਯੋਗ ਹੋਣਗੇ।ਇਸ ਸਕੀਮ ਤਹਿਤ ਪ੍ਰੀਮੀਅਮ ਦਾ ਸਾਰਾ ਖਰਚਾ ਸੂਬਾ ਸਰਕਾਰ ਝੱਲੇਂਗੀ। ਇਸ ਸਕੀਮ ਤਹਿਤ ਪੰਜਾਬ ਵਿੱਚ ਕਰੀਬ 400 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਇਸ ਸਕੀਮ ਅਧੀਨ ਲਾਭਪਾਤਰੀਆਂ ਦਾ ਇਲਾਜ ਜਿਲਾ ਹਸਪਤਾਲਾਂ ਤੇ ਵੱਡੇ ਮਲਟੀ ਸਪੈਸਲਿਟੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ ਜਿੱਥੇ ਆਪ੍ਰੇਸਨ, ਸਰਜਰੀ ਆਦਿ ਦੀ ਸਹੂਲਤ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲ, ਮੁੱਢਲੇ ਸਿਹਤ ਕੇਂਦਰ ਵੀ ਇਲਾਜ ਲਈ ਸੂਚੀ ਬੱਧ ਹਨ। ਸੂਬਾ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਕਰਨ ਲਈ ਕੁਝ ਮਹੀਨੇ ਪਹਿਲਾ ਇਕ ਫੈਸਲਾ ਲੈ ਕੇ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਇਆ ਗਿਆ ਸੀ। 42.5 ਲੱਖ ਪਰਿਵਾਰਾਂ ਵਿੱਚੋਂ 14.86 ਲੱਖ ਪਰਿਵਾਰ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਹਨ ਜਿਨਾਂ ਦੇ ਪ੍ਰੀਮੀਅਮ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਦੀ ਅਨੁਪਾਤ ਵਿੱਚ ਕੀਤਾ ਜਾਵੇਗਾ ਜਦੋਂਕਿ ਬਾਕੀ ਸਾਰੇ ਲਾਭਪਾਤਰੀਆਂ ਜਿਨਾਂ ਵਿੱਚ ਪੱਤਰਕਾਰ ਵੀ ਸਾਮਲ ਹਨ, ਦੇ ਪ੍ਰੀਮੀਅਮ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।