January 18, 2025
#ਦੇਸ਼ ਦੁਨੀਆਂ

ਹਾਂਗਕਾਂਗ ਦੇ ਅੰਦੋਲਨਕਾਰੀਆਂ ਨੇ ਸੜਕਾਂ ਉੱਤੇ ਲਿਆਂਦਾ ਹੜ੍ਹ’

ਹਾਂਗ ਕਾਂਗ ਵਿੱਚ ਸ਼ਹਿਰਵਾਸੀਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਆਪਣਾ ਅੰਦੋਲਨ ਹੋਰ ਪ੍ਰਚੰਡ ਕਰ ਦਿੱਤਾ ਹੈ ਅਤੇ ਇਸ ਦੇ ਸ਼ਾਂਤਮਈ ਚਿਹਰੇ ਮੋਹਰੇ ਨੂੰ ਬਰਕਰਾਰ ਰੱਖਿਆ। ਐਤਵਾਰ ਨੂੰ ਸ਼ਹਿਰ ਦੀਆਂ ਸੜਕਾਂ ਉੱਤੇ ਅੰਦੋਲਨਕਾਰੀਆਂ ਦਾ ਹੜ੍ਹ ਆ ਗਿਆ ਹੈ ਅਤੇ ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਅੰਦੋਲਨ ਨੂੰ ਸ਼ਹਿਰ ਵਾਸੀਆਂ ਦੀ ਪੂਰਨ ਹਮਾਇਤ ਮਿਲ ਰਹੀ ਹੈ।ਪਿਛਲੇ ਦਸ ਹਫ਼ਤਿਆਂ ਤੋਂ ਅੰਦੋਲਨ ਵਿੱਚ ਘਿਰੇ ਇਸ ਵਿਸ਼ਵ ਆਰਥਿਕਤਾ ਦੇ ਅਹਿਮ ਕੇਂਦਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਖੜੋਤ ਆ ਚੁੱਕੀ ਹੈ। ਅੱਜ ਸ਼ਹਿਰ ਦੀਆਂ ਸੜਕਾਂ ਉੱਤੇ ਅੰਦੋਲਨਕਾਰੀਆਂ ਅਤੇ ਪੁਲੀਸ ਦਰਮਿਆਨ ਜਬਰਦਸਤ ਝੜਪਾਂ ਹੋਈਆਂ ਅਤੇ ਮੁਖੌਟਾਧਾਰੀ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਅੰਦੋਲਨਕਾਰੀਆਂ ਨੇ ਪੁਲੀਸ ਜਬਰ ਦਾ ਡਟ ਕੇ ਟਾਕਰਾ ਕੀਤਾ। ਚੀਨ ਇਸ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਆਪਣੀਆਂ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਕੇ ਪੂਰੀ ਵਾਹ ਲਾ ਰਿਹਾ ਹੈ ਅਤੇ ਅੰਦੋਲਨਕਾਰੀਆਂ ਪ੍ਰਤੀ ਬੇਹੱਦ ਸਖਤ ਰੁਖ ਅਪਣਾ ਰਿਹਾ ਹੈ। ਪਿਛਲੇ ਦਿਨੀਂ ਅੰਦੋਲਨਕਾਰੀਆਂ ਨੇ ਸ਼ਹਿਰ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਇਸ ਸ਼ਾਂਤਮਈ ਅੰਦੋਲਨ ਦੇ ਅਕਸ ਨੂੰ ਢਾਹ ਲੱਗੀ ਹੈ। ਐਤਵਾਰ ਨੂੰ ਅੰਦੋਲਨਕਾਰੀਆਂ ਦੀ ਰੈਲੀ ਸ਼ਹਿਰ ਦੇ ਵਿਕਟੋਰੀਆ ਪਾਰਕ ਤੋਂ ਸ਼ੁਰੂ ਹੋਈ ਅਤੇ ਅੰਦੋਲਨਕਾਰੀਆਂ ਨੇ ਇੱਕ ਵਾਰ ਫਿਰ ਆਪਣੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਦਾ ਅਹਿਦ ਲਿਆ ਹੈ। ਅੰਦੋਲਨਕਾਰੀਆਂ ਨੇ ਪਾਰਕ ਵਿੱਚੋਂ ਅਮਨ ਮਾਰਚ ਸ਼ੁਰੂ ਨਾ ਕਰਨ ਸਬੰਧੀ ਪੁਲੀਸ ਦੀਆਂ ਪਾਬੰਦੀਆਂ ਨੂੰ ਤੋੜ ਦਿੱਤਾ। ਇਹ ਜ਼ਿਕਰਯੋਗ ਹੈ ਕਿ ਇਸ ਅੰਦੋਲਨ ਦਾ ਕੋਈ ਵੀ ਆਗੂ ਨਹੀਂ ਹੈ ਅਤੇ ਅੰਦੋਲਨ ਨੇ ਚੀਨ ਦੀ ਨੀਂਦ ਹਰਾਮ ਕੀਤੀ ਹੋਈ ਹੈ।