ਏਮਜ਼ ’ਚ ਜੇਤਲੀ ਨੂੰ ਮਿਲਣ ਗਏ ਕੇਜਰੀਵਾਲ
ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਹਾਲ ਏਮਜ਼ ਵਿਚ ਜਾ ਕੇ ਜਾਣਿਆ। ਉਨ੍ਹਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਏਮਜ਼ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਨੂੰ ਮਿਲਣ ਏਮਜ਼ ਗਏ ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਤੇ ਉਹ ਛੇਤੀ ਤੰਦਰੁਸਤ ਹੋਣ। ਅਰੁਣ ਜੇਤਲੀ ਦਾ ਹਾਲ ਜਾਨਣ ਵਾਲਿਆਂ ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ, ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਤੇ ਹੋਰ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਜੇਤਲੀ ਦਾ ਹਾਲ ਜਾਣਿਆ। 66 ਸਾਲਾਂ ਦੇ ਸ੍ਰੀ ਜੇਤਲੀ ਬੀਤੇ ਦਿਨਾਂ ਤੋਂ ਜੀਵਨ ਰੱਖਿਆ ਪ੍ਰਣਾਲੀ ਉਪਰ ਇਲਾਜ ਅਧੀਨ ਏਮਜ਼ ਵਿਚ ਭਰਤੀ ਹਨ। ਉਨ੍ਹਾਂ ਦੀ ਦੇਖ-ਭਾਲ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਉਹ 9 ਅਗਸਤ ਤੋਂ ਏਮਜ਼ ਵਿਚ ਦਾਖਲ ਹਨ। ਉਨ੍ਹਾਂ ਦਾ ਹਾਲ ਜਾਨਣ ਵਾਲਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਾਇਆਵਤੀ ਤੇ ਹੋਰ ਕੌਮੀ ਆਗੂ ਸ਼ਾਮਲ ਸਨ। ਸ੍ਰੀ ਜੇਤਲੀ ਕੇਜਰੀਵਾਲ ਤੇ ਸਿਸੋਦੀਆ ਉਸ ਥਾਂ ਵੀ ਗਏ ਜਿੱਥੇ ਬੀਤੇ ਦਿਨ ਅੱਗ ਲੱਗਣ ਕਾਰਨ ਹਸਪਤਾਲ ਦਾ ਨੁਕਸਾਨ ਹੋਇਆ ਸੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਏਮਜ਼ ਵਿਖੇ ਅੱਗ ਲੱਗਣ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਤੇ ਏਮਜ਼ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕੀਤੀ, ਨਾਲ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਛੇਤੀ ਅੱਗ ਕਾਬੂ ਕਰਨ ਦਾ ਯਤਨ ਕੀਤਾ।