ਇਕ-ਦੂਜੇ ਖ਼ਿਲਾਫ਼ ਨਹੀਂ ਵਿਗਿਆਨ ਅਤੇ ਧਰਮ: ਵਿਦਿਆ ਬਾਲਨ
ਨਵੀਂ ਫਿਲਮ ‘ਮਿਸ਼ਨ ਮੰਗਲ’ ’ਚ ਰੱਬ ਤੋਂ ਡਰਨ ਵਾਲੀ ਇਸਰੋ ਵਿਗਿਆਨੀ ਦਾ ਕਿਰਦਾਰ ਨਿਭਾ ਰਹੀ ਵਿਦਿਆ ਬਾਲਨ ਨੇ ਕਿਹਾ ਹੈ ਕਿ ਧਰਮ ਅਤੇ ਵਿਗਿਆਨ ਇਕ-ਦੂਜੇ ਖ਼ਿਲਾਫ਼ ਨਹੀਂ ਹਨ ਸਗੋਂ ਉਹ ਇਕੱਠਿਆਂ ਵਿਚਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਇਨਸਾਨ ਦੀ ਬਹੁਪੱਖੀ ਪਛਾਣ ਹੋ ਸਕਦੀ ਹੈ ਪਰ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਧਰਮ ਦੀ ਵਿਆਖਿਆ ਅੱਜ ਵਾਂਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਈ ਵਿਅਕਤੀਆਂ ਨੂੰ ਜਾਣਦੀ ਹੈ ਜੋ ਆਪਣੇ ਆਪ ਨੂੰ ਧਾਰਮਿਕ ਆਖਣ ’ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ’ਚ ਉਹ ਖੁਦ ਵੀ ਸ਼ਾਮਲ ਹੈ। ‘ਮੈਂ ਹਮੇਸ਼ਾ ਆਪਣੇ ਆਪ ਨੂੰ ਅਧਿਆਤਮਕ ਮੰਨਦੀ ਹਾਂ।’ ਵਿਦਿਆ ਨੇ ਕਿਹਾ ਕਿ ਅੱਜ ਧਾਰਮਿਕ ਹੋਣ ਦਾ ਮਤਲਬ ਅਸਹਿਣਸ਼ੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਤੂੰ ਬਨਾਮ ਮੈਂ’ ’ਤੇ ਬਹਿਸ ਹੋਣ ਲਗ ਪਈ ਹੈ ਜਿਸ ਨਾਲ ‘ਅਸੀਂ’ ਦੀ ਧਾਰਨਾ ਖ਼ਤਮ ਹੋ ਗਈ ਹੈ।