December 8, 2024
#ਪੰਜਾਬ #ਭਾਰਤੀ ਡਾਇਸਪੋਰਾ

ਭਾਰੀ ਬਾਰਿਸ਼ ਕਾਰਨ ਅਲਰਟ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਲੋਕਾਂ ਦੀ ਮੱਦਦ ਲਈ ਤਿਆਰ

ਅੰਮ੍ਰਿਤਸਰ – ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣ ’ਤੇ ਜਾਰੀ ਕੀਤੇ ਗਏ ਅਲਰਟ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਦੀ ਮੱਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਪ੍ਰਬੰਧਾਂ ਲਈ ਤਿਆਰ ਰਹਿਣ ਨੂੰ ਕਿਹਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਬਾਰਿਸ਼ ਦੇ ਚੱਲਦਿਆਂ ਪੰਜਾਬ ਅੰਦਰ ਕੁਝ ਇਲਕਿਆ ਵਿਚ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਭਾਖੜਾ ਡੈਮ ਦਾ ਪਣੀ ਛੱਡਣ ਦੀ ਸਥਿਤੀ ਵਿਚ ਸਰਕਾਰ ਨੇ ਸਤਲੁਜ ’ਚ ਪਾਣੀ ਵਧਣ ਕਾਰਨ ਜਲੰਧਰ ਤੇ ਫਿਰੋਜਪੁਰ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਲੋੜ ਪੈਣ ’ਤੇ ਲੋਕਾਂ ਦੀ ਮੱਦਦ ਲਈ ਤਿਆਰ ਹੈ ਅਤੇ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਆਖਿਆ ਜਾ ਰਿਹਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਲੋੜ ਪੈਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕੀਤਾ ਜਾਵੇ।