December 4, 2024
#ਦੇਸ਼ ਦੁਨੀਆਂ

ਬਾਜਵਾ ਅਜੇ ਤਿੰਨ ਸਾਲ ਹੋਰ ਰਹਿਣਗੇ ਪਾਕਿ ਫੌਜ ਮੁਖੀ

ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਲੋਂ ਇਹ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਹੈ ਕਿ ਬਾਜਵਾ ਦਾ ਕਾਰਜਕਾਲ 3 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਭੱਖੇ ਮਾਹੌਲ ਦੇ ਮੱਦੇਨਜ਼ਰ ਬਾਜਵਾ ਦੇ ਸੇਵਾਕਾਲ ਵਿਚ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨੀ ਫੌਜ ਮੁਖੀ ਬਾਜਵਾ ਨੂੰ ਕਸ਼ਮੀਰ ਮੁੱਦਿਆਂ ਦਾ ਚੰਗਾ ਜਾਣਕਾਰ ਮੰਨਿਆ ਜਾਂਦਾ ਹੈ।ਉਨ੍ਹਾਂ ਨੂੰ ਭਾਰਤ ਦੇ ਨਾਲ ਲੱਗਦੀ ਕੰਟਰੋਲ ਰੇਖਾ ਦਾ ਵੀ ਕਾਫੀ ਤਜ਼ਰਬਾ ਹੈ। ਪਾਕਿਸਤਾਨ ਦੀ ਰਾਜਨੀਤੀ ਵਿਚ ਉਥੋਂ ਦੀ ਫੌਜ ਦਾ ਕਾਫੀ ਅਹਿਮ ਰੋਲ ਰਹਿੰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਾਹਮਣੇ ਇਹ ਗੱਲ ਕਬੂਲ ਕਰ ਲਈ ਸੀ ਕਿ ਉਨ੍ਹਾਂ ਦੇ ਦੇਸ਼ ਵਿਚ 30 ਤੋਂ 40 ਹਜ਼ਾਰ ਅੱਤਵਾਦੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿਚ ਜੇਹਾਦ ਸੰਸਕ੍ਰਿਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਦੋਵੇਂ ਗੱਲਾਂ ਇਮਰਾਨ ਨੇ ਅਮਰੀਕਾ ਯਾਤਰਾ ਦੌਰਾਨ ਕਬੂਲ ਕੀਤੀਆਂ ਸਨ। ਜਿਥੇ ਹੁਣ ਖਬਰ ਆਈ ਸੀ ਕਿ ਇਮਰਾਨ ਦੇ ਕੁਝ ਬਿਆਨਾਂ ਤੋਂ ਬਾਅਦ ਪਾਕਿਸਤਾਨ ਫੌਜ ਨਾਰਾਜ਼ ਹੋ ਗਈ ਹੈ।ਅਮਰੀਕਾ ਦੌਰੇ ‘ਤੇ ਗਏ ਇਮਰਾਨ ਖਾਨ ਦੇ ਕੁਝ ਕਬੂਲਨਾਮੇ ਅਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਕੁਝ ਅਹਿਮ ਮੌਕਿਆਂ ‘ਤੇ ਦਿੱਤੇ ਗਏ ਬਿਆਨਾਂ ਤੋਂ ਪਾਕਿਸਤਾਨੀ ਫੌਜ ਹੋਰ ਵੀ ਚਿੜ ਗਈ ਹੈ। ਭਾਰਤ ਦੇ ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਫੌਜ ਭਾਰਤ ਵਿਚ ਅੱਤਵਾਦੀਆਂ ਦੀ ਵੱਡੇ ਪੱਧਰ ‘ਤੇ ਘੁਸਪੈਠ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।