ਅੰਤਰਰਾਸ਼ਟਰੀ ਨਗਰ ਕੀਰਤਨ ਦੀ ਬਰੇਲੀ ਤੋਂ ਅੱਗੇ ਰਵਾਨਗੀ ਸਮੇਂ ਸੰਗਤ ਨੇ ਕੀਤੀ ਭਰਵੀਂ ਸ਼ਮੂਲੀਅਤ
ਅੰਮ੍ਰਿਤਸਰ -ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ’ਚ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਪੰਥਕ ਜਾਹੋ-ਜਲਾਲ ਨਾਲ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਇਥੇ ਆਰੰਭਤਾ ਤੋਂ ਪਹਿਲਾਂ ਭਾਈ ਫੂਲਾ ਸਿੰਘ ਨੇ ਅਰਦਾਸ ਕੀਤੀ। ਆਰੰਭਤਾ ਸਮੇਂ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸ੍ਰੀ ਸੰਤੋਸ਼ ਗੰਗਵਾਰ ਨੇ ਵੀ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ। ਇਸ ਤੋਂ ਪਹਿਲਾਂ ਬੀਤੀ ਰਾਤ ਬਰੇਲੀ ਪਹੁੰਚਣ ’ਤੇ ਨਗਰ ਕੀਰਤਨ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਹੋਇਆ। ਇਥੇ ਸੰਗਤ ਨੇ ਭਰਪੂਰ ਆਤਿਸ਼ਬਾਜ਼ੀ ਕੀਤੀ ਅਤੇ ਦੀਪਮਾਲਾ ਵੀ ਖਿੱਚ ਦਾ ਕੇਂਦਰ ਰਹੀ। ਦੇਰ ਰਾਤ ਤੱਕ ਸੰਗਤਾਂ ਸ਼ਰਧਾ ਨਾਲ ਨਗਰ ਕੀਰਤਨ ਦੀ ਉਡੀਕ ਕਰਦੀਆਂ ਰਹੀਆਂ। ਸੰਗਤ ਵੱਲੋਂ ਜਿਥੇ ਨਗਰ ਕੀਰਤਨ ਦੇ ਸਤਿਕਾਰ ਲਈ ਫੁੱਲਾਂ ਦੀ ਵਰਖਾ ਕੀਤੀ ਗਈ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਵੀ ਭੇਟ ਕੀਤੇ ਗਏ। ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਸੰਗਤ ਨੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਵਾਲੀ ਬੱਸ ’ਚ ਸੁਸ਼ੋਭਿਤ ਇਤਿਹਾਸਕ ਸ਼ਸਤਰਾਂ ਬਸਤਰਾਂ ’ਤੇ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਵੀ ਸੰਗਤ ਨੇ ਵਿਸ਼ੇਸ਼ ਰੁਚੀ ਦਿਖਾਈ। ਬਰੇਲੀ ਤੋਂ ਅੱਗੇ ਰਵਾਨਗੀ ਸਮੇਂ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਇੰਚਾਰਜ ਸ. ਗੁਰਦਿਆਲ ਸਿੰਘ, ਸੁਪਰਵਾਈਜ਼ਰ ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਯੂ.ਪੀ. ਸਿੱਖ ਮਿਸ਼ਨ ਹਾਪੜ, ਸ. ਮਹਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸ. ਗੁਰਚਰਨ ਸਿੰਘ ਲਵਲੀ ਸੈਕਟਰੀ, ਸ. ਦਲਜੀਤ ਸਿੰਘ, ਸ. ਜਸਬੀਰ ਸਿੰਘ, ਸ. ਮਨਮੋਹਨ ਸਿੰਘ ਬਖ਼ਸ਼ੀ, ਸ. ਗੁਰਦੀਪ ਸਿੰਘ, ਸ. ਗੁਰਮੀਤ ਸਿੰਘ, ਸ. ਜਗਜੀਤ ਸਿੰਘ ਨੰਦਾ, ਬਾਬਾ ਰੇਸ਼ਮ ਸਿੰਘ ਕਾਰਸੇਵਾ ਵਾਲੇ, ਸ. ਸੁਰਿੰਦਰ ਸਿੰਘ ਛਾਬੜਾ, ਸ. ਰਵਿੰਦਰਪਾਲ ਸਿੰਘ, ਸ. ਸਤਨਾਮ ਸਿੰਘ, ਸ. ਪਰਮਜੀਤ ਸਿੰਘ ਓਬਰਾਏ, ਸ. ਹਰਵਿੰਦਰ ਸਿੰਘ ਪੁਲਿਸ ਅਧਿਕਾਰੀ, ਭਾਈ ਸਤਵੰਤ ਸਿੰਘ ਪ੍ਰਚਾਰਕ, ਭਾਈ ਸੁਖਵਿੰਦਰ ਸਿੰਘ ਐਮ.ਏ., ਭਾਈ ਸੁਰਜੀਤ ਸਿੰਘ ਗ੍ਰੰਥੀ, ਭਾਈ ਗਗਨਦੀਪ ਸਿੰਘ ਪ੍ਰਚਾਰਕ ਆਦਿ ਸ਼ਾਮਲ ਸਨ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਨਗਰ ਕੀਰਤਨ ਦੇ ਕੋਆਰਡੀਨੇਟਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਭਲਕੇ 20 ਅਗਸਤ ਨੂੰ ਨਗਰ ਕੀਰਤਨ ਉੱਤਰ ਪ੍ਰਦੇਸ਼ ਦੇ ਗੁਰਦੁਆਰਾ ਨਾਨਕਸਰ ਸਾਹਿਬ ਆਚੋਲੀਆ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗਾ।