December 4, 2024
#ਖੇਡਾਂ

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਰਦਾਰੀ ਖ਼ਤਰੇ ਵਿੱਚ ਪੈ ਗਈ ਹੈ। ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਨੇ ਤਾਜ਼ਾ ਜਾਰੀ ਕੀਤੀ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਦੂਜਾ ਸਥਾਨ ਮੱਲ ਲਿਆ ਹੈ। ਉਹ ਹੁਣ ਚੋਟੀ ’ਤੇ ਕਾਬਜ਼ ਵਿਰਾਟ ਕੋਹਲੀ ਨੂੰ ਪਛਾੜਣ ਤੋਂ ਸਿਰਫ਼ ਨੌਂ ਅੰਕ ਦੂਰ ਹੈ।ਭਾਰਤੀ ਕਪਤਾਨ ਦੇ 922 ਅੰਕ ਹਨ ਅਤੇ ਉਹ ਦੁਨੀਆਂ ਦਾ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ। ਬਰਮਿੰਘਮ ਵਿੱਚ ਦੋਵਾਂ ਪਾਰੀਆਂ ਵਿੱਚ ਸੈਂਕੜੇ ਮਾਰਨ ਮਗਰੋਂ ਲਾਰਡਜ਼ ਵਿੱਚ 92 ਦੌੜਾਂ ਦੀ ਪਾਰੀ ਖੇਡਣ ਵਾਲੇ ਸਮਿਥ ਦੇ 913 ਅੰਕ ਹਨ।ਸੀਨੀਅਰ ਦਸ ਵਿੱਚ ਸ਼ਾਮਲ ਹੋਰ ਭਾਰਤੀਆਂ ਵਿੱਚ ਚੇਤੇਸ਼ਵਰ ਪੁਜਾਰਾ ਚੌਥੇ ਸਥਾਨ ’ਤੇ ਬਰਕਰਾਰ ਹੈ। ਸ੍ਰੀਲੰਕਾ ਦਾ ਕਪਤਾਨ ਦਿਮੁਥ ਕਰੁਣਾਰਤਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਮਾਰਨ ਕਾਰਨ ਚਾਰ ਸਥਾਨ ਉਪਰ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦੇ ਐਡਨ ਮਾਰਕਰਮ ਨੇ ਵੀ ਆਪਣੀ ਦਰਜਾਬੰਦੀ ਵਿੱਚ ਸੁਧਾਰ ਕੀਤਾ ਹੈ। ਉਹ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦੇ ਕਪਤਾਨ ਜੋਅ ਰੂਟ ਨੂੰ ਖ਼ਰਾਬ ਲੈਅ ਦਾ ਖ਼ਮਿਆਜ਼ਾ ਭੁਗਤਨਾ ਪਿਆ ਅਤੇ ਉਹ ਨੌਵੇਂ ਸਥਾਨ ’ਤੇ ਖਿਸਕ ਗਿਆ ਹੈ।