ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ
ਰੂਪਨਗਰ ਦਾ ਦੌਰਾ ਕਰਕੇ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਰੂਪਨਗਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਤੌਰ ‘ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ।ਮੁੱਖ ਮੰਤਰੀ ਨੇ ਇਹ ਐਲਾਨ ਰੂਪਨਗਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤੇ ਜਿੱਥੇ ਉਨਾਂ ਨੇ ਅੱਜ ਪਿਛਲੇ 72 ਘੰਟਿਆਂ ਤੋਂ ਮ’ੋਹਲੇਧਾਰ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜਾਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲੇ ਵਿੱਚ ਛੱਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਸੂਬੇ ਵਿੱਚ ਹੜਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਡਰੇਨੇਜ਼ ਦੇ ਚੀਫ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬਿਆਸ ਅਤੇ ਰਾਵੀ ਦਰਿਆਵਾਂ ਦੀ ਸਮੁੱਚੀ ਸਥਿਤੀ ਕਾਬੂ ਹੇਠ ਹੈ। ਭਾਵੇਂ ਕਿ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕਿਆਂ ਅਤੇ ਫ਼ਿਰੋਜ਼ਪੁਰ ਵਿੱਚ ਹਰੀਕੇ ਹੈੱਡਵਰਕਸ ਵਿਖੇ ਦਰਿਆ ਦੇ ਵਹਾਅ ਵਾਲੇ ਇਲਾਕਿਆਂ ਵਿੱਚ ਖਤਰਾ ਮੰਡਰਾ ਰਿਹਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਵਾਧੂ ਪਾਣੀ ਛੱਡਿਆ ਗਿਆ ਸੀ ਜੋ ਮੌਜੂਦਾ ਸਮੇਂ 1681.23 ਫੁੱਟ ‘ਤੇ ਵਹਿ ਰਿਹਾ।ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਡੀਗੜ ਤੋਂ ਰੂਪਨਗਰ ਤੱਕ ਸੜਕ ਰਸਤੇ ਗਏ ਅਤੇ ਉਨਾਂ ਨੇ ਸਥਿਤੀ ਨੂੰ ਗੰਭੀਰ ਦੱਸਦਿਆਂ ਅਤੇ ਸਥਾਨਕ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਣ ਦਾ ਭਰੋਸਾ ਦਿੱਤਾ। ਉਨਾਂ ਨੂੰ ਸਥਾਨਕ ਅਧਿਕਾਰੀਆਂ ਨੇ ਭਾਖੜਾ ਡੈਮ ਦੇ ਨਾਲ ਲੱਗਦੇ ਇਲਾਕੇ ਤੋਂ ਪਾਣੀ ਦੇ ਤੇਜ਼ ਵਹਾਅ ਨਾਲ ਖੜੀਆਂ ਫਸਲਾਂ, ਘਰਾਂ, ਜਨਤਕ ਜਾਇਦਾਦਾਂ ਅਤੇ ਪਸ਼ੂਧਨ ਨੂੰ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ। ਆਈ.ਆਈ.ਟੀ. ਰੂਪਨਗਰ ਦੇ ਵਿਦਿਆਰਥੀਆਂ ਜਿਨਾਂ ਨੂੰ ਭਾਰੀ ਹੜਾਂ ਕਾਰਨ ਉਥੋਂ ਹਟਾਉਣਾ ਪਿਆ, ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਉਨਾਂ ਦੇ ਮੁੜ ਕੈਂਪਸ ਜਾਣ ਤੱਕ ਇਨਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਪੰਜਾਬ ਭਵਨ ਅਤੇ ਕਿਸਾਨ ਭਵਨ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਆਈ.ਆਈ.ਟੀ. ਦੀ ਡਾਇਰੈਕਟਰ ਦੀ ਬੇਨਤੀ ਨੂੰ ਸਵਿਕਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਸਾਂਝੇ ਤੌਰ ‘ਤੇ ਇਕ ਯੋਜਨਾ ਬਣਾਉਣ ਲਈ ਆਖਿਆ ਤਾਂ ਕਿ ਭਵਿੱਖ ਵਿੱਚ ਹੜਾਂ ਨਾਲ ਇਸ ਕੈਂਪਸ ਨੂੰ ਕਿਸੇ ਤਰਾਂ ਦੇ ਨੁਕਸਾਨ ਨੂੰ ਟਾਲਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਡਰੇਨੇਜ਼ ਸਿਸਟਮ ਯਕੀਨੀ ਬਣਾਇਆ ਜਾ ਸਕੇ।
ਰੂਪਨਗਰ ਹੈੱਡਵਰਕਸ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਸ਼ਾਮਪੁਰਾ ਵਿਖੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਉੱਥੇ ਝੁੱਗੀ-ਝੋਂਪੜੀ ਵਾਲਿਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸੰਕਟ ਦੀ ਇਸ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਆਖਿਆ। ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਸਥਿਤੀ ਆਮ ਵਾਂਗ ਹੋਣ ਤੱਕ ਹਾਲਾਤ ਉੱਪਰ ਨਜ਼ਰ ਰੱਖਣ ਲਈ ਵੀ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸਿਹਤ ਜਾਂਚ ਕੈਂਪ ਵੀ ਲਾਵੇਗਾ ਤਾਂ ਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਹਮਲੇ ਨੂੰ ਰੋਕਿਆ ਜਾ ਸਕੇ। ਇਸੇ ਦੌਰਾਨ ਮੁੱਖ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਲੋੜਵੰਦਾਂ ਨੂੰ ਪਸ਼ੂਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਤੋਂ ਇਲਾਵਾ ਉਨਾਂ ਵਾਸਤੇ ਚਾਰੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।ਖੈਰਾਬਾਦ ਪਿੰਡ ਵਿਖੇ ਹੜਗ੍ਰਸਤ ਸੜਕ ਰਾਹੀਂ ਜਾ ਕੇ ਮੁੱਖ ਮੰਤਰੀ ਲੋਕਾਂ ਨਾਲ ਘੁਲਮਿਲ ਗਏ ਅਤੇ ਉਨਾਂ ਦੀਆਂ ਦੁੱਖ-ਤਕਲੀਫਾਂ ਨੂੰ ਧੀਰਜ ਨਾਲ ਸੁਣਿਆ ਅਤੇ ਇਸ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ।ਮੁੱਖ ਮੰਤਰੀ ਦੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਨੇ ਉਨਾਂ ਨੂੰ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਬੀਤੇ ਦਿਨ ਰੋਪੜ ਹੈੱਡ ਵਰਕਸ ਤੋਂ 2,50,000 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇਸ ਤੋਂ ਇਲਾਵਾ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਸੀ। ਸਵਾਨ ਨਦੀ (90,000 ਕਿਊਸਿਕ), ਸਿਰਸਾ ਨਦੀ (60,000 ਕਿਊਸਿਕ) ਬੁੱਧਕੀ ਨਦੀ (20,000 ਕਿਊਸਿਕ) ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਪੁਲੀਸ, ਕੌਮੀ ਆਫ਼ਤ ਰਾਹਤ ਫੋਰਸ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ 45 ਪਿੰਡਾਂ ‘ਚੋਂ 600 ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਬਚਾਇਆ। ਉਨਾਂ ਦੱਸਿਆ ਕਿ ਇਨਾਂ ਹਾਲਾਤ ਵਿੱਚ ਜਾਨੀ ਨੁਕਸਾਨ ਦੀ ਭਾਵੇਂ ਕੋਈ ਰਿਪੋਰਟ ਨਹੀਂ ਪਰ ਫਸਲਾਂ ਅਤੇ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ ਜਿਸ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਇਸ ਮੌਕੇ ਮੁੱਖ ਮੰਤਰੀ ਨਾਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਤਕਨੀਕੀ ਸਿੱਖਿਆ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ, ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਅਤੇ ਰੂਪਨਗਰ ਦੇ ਜ਼ਿਲਾ ਪੁਲੀਸ ਮੁਖੀ ਸਵੱਪਨ ਸ਼ਰਮਾ ਹਾਜ਼ਰ ਸਨ।