July 13, 2025
#ਪੰਜਾਬ

ਵਿਜੀਲੈਂਸ ਵਲੋਂ ਵਸੀਕਾ ਨਵੀਸ 12,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪਾਇਲ, ਜਿਲਾ ਲੁਧਿਆਣਾ ਵਿਖੇ ਵਸੀਕਾ ਨਵੀਸ ਪਵਨ ਸ਼ਾਹੀ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਵਸੀਕਾ ਨਵੀਸ ਪਵਨ ਸ਼ਾਹੀ ਨੂੰ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਾਸੀ ਮਾਡਲ ਟਾਊਨ ਐਕਸ਼ਟੇਂਸ਼ਨ, ਲੁਧਿਆਣਾ ਦੀ ਸ਼ਿਕਾਇਤ ‘ਤੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਵਸੀਕਾ ਨਵੀਸ ਵਲੋਂ ਪਲਾਟ ਦੀ ਰਜਿਸਟਰੀ ਉਸ ਦੇ ਪਿਤਾ ਦੇ ਨਾਮ ‘ਤੇ ਕਰਾਉਣ ਵਿਚ ਮਦਦ ਕਰਨ ਬਦਲੇ 15,000 ਰੁਪਏ ਦੀ ਮੰਗ ਕੀਤੀ ਹੈ ਅਤੇ ਉਸ ਵਲੋਂ 3000 ਰੁਪਏ ਪਹਿਲੀ ਕਿਸ਼ਤ ਵਜੋ ਅਦਾ ਕੀਤੇ ਜਾ ਚੁੱਕੇ ਹਨ।ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਵਸੀਕਾ ਨਵੀਸ ਪਵਨ ਸ਼ਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੁੱਜੀ ਕਿਸ਼ਤ ਦੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।ਉਕਤ ਵਸੀਕਾ ਨਵੀਸ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।