December 4, 2024
#ਪੰਜਾਬ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਬੱਤ ਸਿਹਤ ਬੀਮਾ ਸਕੀਮ ਦਾ ਆਗਾਜ਼

ਰਾਜੀਵ ਗਾਂਧੀ ਦੀ 75ਵੀਂ ਜਨਮ ਵਰੇਗੰਢ ਨੂੰ ਕੀਤਾ ਸਮਰਪਿਤ
ਐਸ.ਏ.ਐਸ. ਨਗਰ ਮੁਹਾਲੀ – ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨਾਂ ਦੀ 75ਵੀਂ ਜਨਮ ਵਰੇਗੰਢ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਰਕਾਰ ਦੀ ਮਹੱਤਵਪੂਰਨ ਸਿਹਤ ਬੀਮਾ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਆਗਾਜ਼ ਕੀਤਾ ਜਿਸ ਨਾਲ 46 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ।ਸਕੀਮ ਦੀ ਸ਼ੁਰੂਆਤ ਕਰਦਿਆਂ ਮੁਹਾਲੀ ਜ਼ਿਲੇ ਦੇ ਪਹਿਲੇ 11 ਲਾਭਪਾਤਰੀਆਂ ਨੂੰ ਈ-ਕਾਰਡ ਵੀ ਸੌਂਪੇ ਗਏ। ਇਸ ਸਕੀਮ ਨਾਲ ਲਾਭਪਾਤਰੀ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਨਾਲ ਲਾਭਪਾਤਰੀਆਂ ਦਾ ਮੁਫਤ ਅਤੇ ਬਿਹਤਰ ਇਲਾਜ ਹੋ ਸਕੇਗਾ ਜਿਸ ਵਿੱਚ ਉਨਾਂ ਦੇ ਪਹਿਲਾਂ ਤੋਂ ਹੋਏ ਰੋਗ ਦਾ ਇਲਾਜ ਵੀ ਸ਼ਾਮਲ ਹੋਵੇਗਾ।ਮੁੱਖ ਮੰਤਰੀ ਨੇ ਕਿਹਗਾ ਕਿ ਇਸ ਸਕੀਮ ਦੇ ਜਾਰੀ ਕਰਨ ਨਾਲ ਸੂਬੇ ਦੀ 76 ਫੀਸਦੀ ਵਸੋਂ ਸਿਹਤ ਬੀਮਾ ਤਹਿਤ ਕਵਰ ਹੋ ਗਈ ਹੈ ਅਤੇ ਏਨੀ ਵੱਡੀ ਗਿਣਤੀ ਨੂੰ ਕਵਰ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਲੋਕ ਭਲਾਈ ਦੀ ਇਸ ਮਹੱਤਵਪੂਰਨ ਸਕੀਮ ਨੂੰ ਰਾਜੀਵ ਗਾਂਧੀ ਨੂੰ ਸਮਰਪਿਤ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਦੇਸ਼ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਦੀ ਸੋਚ ਨੂੰ ਅੱਗੇ ਵਧਾਉਦੀ ਹੋਈ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਪੂਰੀ ਤਰਾਂ ਵਚਨਬੱਧ ਹੈ।ਇਹ ਗੱਲ ਯਾਦ ਰੱਖਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਨਾਲ 31 ਲੱਖ ਹੋਰ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਪ੍ਰਤੀ ਸਾਲ ਬੀਮਾ ਕਵਰ ਮਿਲਿਆ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 14.86 ਲੱਖ ਪਰਿਵਰ ਕਵਰ ਹੁੰਦੇ ਹਨ ਜਿਸ ਦੇ ਪ੍ਰੀਮੀਅਮ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਅਨੁਪਾਤ ਵਿੱਚ ਚੁੱਕਿਆ ਜਾਣਾ ਹੈ। ਇਹ ਅੰਕੜੇ ਸਮਾਜਿਕ ਆਰਥਿਕ ਜਾਤੀਆਂ ਜਨਗਣਨਾ (ਐਸ.ਈ.ਸੀ.ਸੀ.) ਅਨੁਸਾਰ ਲਏ ਗਏ ਹਨ। ਸੂਬਾ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਸਕੀਮ ਵਿੱਚ ਹੋਰ ਨਵੇਂ ਸ਼ਾਮਲ ਕੀਤੇ ਗਏ 31 ਲੱਖ ਲਾਭਪਾਤਰੀਆਂ ਦੇ ਪ੍ਰੀਮੀਅਰ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਕਈ ਮਹੀਨੇ ਪਹਿਲਾਂ 76 ਫੀਸਦੀ ਵਸੋਂ ਨੂੰ ਸਿਹਤ ਬੀਮਾ ਤਹਿਤ ਕਵਰ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਜੇਕਰ ਅਸੀਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੂੰ ਹੂਬਹੂ ਲਾਗੂ ਕਰਦੇ ਤਾਂ ਸੂਬੇ ਦੀ 12 ਫੀਸਦੀ ਵਸੋਂ ਹੀ ਕਵਰ ਹੋਣੀ ਸੀ। ਬਾਕੀ ਸੂਬਿਆਂ ਵਿੱਚ ਇਸ ਸਕੀਮ ਤਹਿਤ ਵੱਧ ਤੋਂ ਵੱਧ 30 ਫੀਸਦੀ ਵਸੋਂ ਨੂੰ ਹੀ ਸਿਹਤ ਬੀਮਾ ਤਹਿਤ ਕਵਰ ਕੀਤਾ ਗਿਆ।ਮੁੱਖ ਮੰਤਰੀ ਨੇ ਇਸ ਮੌਕੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਅਗਾਂਹਵਧੂ ਸੋਚ ਸਦਕਾ ਪੰਜਾਬ ਵਿੱਚ ਪੈਪਸੀ ਦੇ ਰੂਪ ਵਿੱਚ ਪਹਿਲਾ ਬਹੁਕੌਮੀ ਪ੍ਰਾਜੈਕਟ ਸਥਾਪਤ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਉਸ ਵੇਲੇ ਪੰਜਾਬ ਵਿੱਚ ਖੇਤੀਬਾੜੀ ਮੰਤਰੀ ਸੀ ਜਦੋਂ ਮੈਂ ਇਸ ਪਲਾਂਟ ਨੂੰ ਸਥਾਪਤ ਕਰਨ ਦੀ ਯੋਜਨਾ ਪ੍ਰਧਾਨ ਮੰਤਰੀ ਦਫਤਰ ਕੋਲ ਲੈ ਕੇ ਗਿਆ ਜਿਹੜੀ ਕਿ ਸੂਬੇ ਵਿੱਚ ਫਸਲੀ ਵਿਭਿੰਨਤਾ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਸੀ। ਮੈਨੂੰ ਹੁਣ ਵੀ ਯਾਦ ਹੈ ਕਿ ਕਿਵੇਂ ਮੈਨੂੰ ਅੱਠਵੇਂ ਦਿਨ ਇਹ ਸੰਦੇਸ਼ ਮਿਲਿਆ ਕਿ ਪ੍ਰਧਾਨ ਮੰਤਰੀ ਨੇ ਇਹ ਪ੍ਰਾਜੈਕਟ ਮਨਜ਼ੂਰ ਕਰ ਲਿਆ ਹੈ ਅਤੇ ਉਹ ਮੈਨੂੰ ਮਿਲਣਾ ਚਾਹੁੰਦੇ ਹਨ।’’ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤੇ 46 ਲੱਖ ਪਰਿਵਾਰਾਂ ਬਾਰੇ ਵਿਸਥਾਰ ਵਿੱਚ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ 20.43 ਲੱਖ ਲਾਭਪਾਤਰੀ ਸਮਾਰਟ ਰਾਸ਼ਨ ਕਾਰਡ ਹੋਲਡਰ ਪਰਿਵਾਰ ਹਨ। ਇਸ ਤੋਂ ਇਲਾਵਾ ਸੀ.ਈ.ਸੀ.ਸੀ. ਦੇ ਅੰਕੜਿਆਂ ਅਨੁਸਾਰ 14.86 ਲੱਖ ਪਰਿਵਾਰ, 2.8 ਲੱਖ ਛੋਟੇ ਕਿਸਾਨ, ਸੂਬਾ ਉਸਾਰੀ ਭਲਾਈ ਬੋਰਡ ਕੋਲ ਪੰਜੀਿਤ 2.38 ਲੱਖ ਤੋਂ ਜ਼ਿਆਦਾ ਉਸਾਰੀ ਕਿਰਤੀ, 46 ਹਜ਼ਾਰ ਛੋਟੇ ਵਪਾਰੀ ਵੀ ਸ਼ਾਮਲ ਹਨ। ਇਸ ਸਕੀਮ ਵਿੱਚ ਸੂਬਾ ਸਰਕਾਰ ਦੇ ਐਕਰੀਡੇਟਿਡ ਤੇ ਪੀਲਾ ਕਾਰਡ ਧਾਰਕ 4500 ਪੱਤਰਕਾਰ ਵੀ ਕਵਰ ਕੀਤੇ ਗਏ ਹਨ।ਇਸ ਸਕੀਮ ਰਾਹੀਂ ਲਾਭਪਾਤਰੀ 200 ਸਰਕਾਰੀ ਹਸਪਤਾਲਾਂ ਸਮੇਤ 450 ਤੋਂ ਵੱਧ ਸੂਚੀਬੱਧ ਹਸਪਤਾਲਾਂ ਰਾਹੀਂ ਆਪਣਾ ਇਲਾਜ ਕਰਵਾ ਸਕਣਗੇ। ਇਸ ਸਕੀਮ ਤਹਿਤ ਵਿਸ਼ੇਸ਼ ਤੌਰ ’ਤੇ 1396 ਟ੍ਰੀਟਮੈਂਟ ਪੈਕੇਜ ਡਿਜ਼ਾਈਨ ਕੀਤੇ ਗਏ ਹਨ। ਮਹਾਤਮਾ ਗਾਂਧੀ ਸਰਬਤ ਸਿਹਤ ਬੀਮਾ ਯੋਜਨਾ ਅਧੀਨ 333 ਕਰੋੜ ਦੇ ਕੁਲ ਪ੍ਰੀਮੀਅਮ ਵਿੱਚੋਂ 276 ਕਰੋੜ ਰੁਪਏ ਦੀ ਰਾਸ਼ੀ ਜੋ 83 ਫੀਸਦੀ ਬਣਦੀ ਹੈ, ਸੂਬਾ ਸਰਕਾਰ ਦੀ ਹਿੱਸੇਦਾਰੀ ਹੋਵੇਗੀ ਜਦਕਿ ਬਾਕੀ ਬਚਦੀ 57 ਕਰੋੜ ਰੁਪਏ ਦੀ ਹਿੱਸੇਦਾਰੀ ਭਾਰਤ ਸਰਕਾਰ ਦੀ ਹੋਵੇਗੀ। ਇਸ ਸਕੀਮ ਤਹਿਤ ਅਪਰੇਸ਼ਨਾਂ ਸਬੰਧੀ ਪੈਕੇਜ ਵਿੱਚ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਦੇ ਤਿੰਨ ਦਿਨ ਅਤੇ ਬਾਅਦ ਦੇ 15 ਦਿਨ ਵੀ ਸ਼ਾਮਲ ਕੀਤੇ ਜਾਣਗੇ।ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਇਤਿਹਾਸਕ ਫੈਸਲਾ ਲੈਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਕਦਮ ਸੂਬੇ ਦੇ ਸਿਹਤ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਵੇਗਾ। ਉਨਾਂ ਇਹ ਵੀ ਦੱਸਿਆ ਕਿ ਮਰੀਜ਼ ਕੋਲ ਈ.ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਉਹ ਕਿਸੇ ਵੀ ਸੂਚੀਬੱਧ ਹਸਪਤਾਲ ਵਿੱਚ ਜਾ ਕੇ ਅਰੋਗਿਆ ਮਿੱਤਰ ਨੂੰ ਮਿਲ ਸਕਦਾ ਹੈ ਜਿੱਥੇ ਉਸ ਦਾ ਮੌਕੇ ’ਤੇ ਈ.ਕਾਰਡ ਬਣਾ ਕੇ ਨਗਦੀ ਰਹਿਤ ਅਦਾਇਗੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗਾ।ਇਸ ਨਿਵੇਕਲੇ ਕਦਮ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਹੈਲਸ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਸੰਤੋਖ ਸਿੰਘ ਭਲਾਈਪੁਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅੱਗਰਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਅਤੇ ਰਾਜ ਸਿਹਤ ਏਜੰਸੀ ਪੰਜਾਬ ਦੇ ਸੀ.ਈ.ਓ. ਅਮਿਤ ਕੁਮਾਰ ਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਪੁਨੀਤ ਗੋਇਲ ਵੀ ਹਾਜ਼ਰ ਸਨ।