ਪੁੰਛ ਵਿੱਚ ਪਾਕਿਸਤਾਨੀ ਫੌਜ ਵਲੋਂ ਗੋਲੀਬਾਰੀ, ਇਕ ਜਵਾਨ ਸ਼ਹੀਦ

ਜੰਮੂ – ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿੱਚ ਕੰਟਰੋਲ ਰੇਖਾ ਨੇੜੇ ਮੋਹਰੀ ਚੌਂਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਦਾਗੇ ਅਤੇ ਗੋਲੀਬਾਰੀ ਕੀਤੀ| ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਨੇੜੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਸਵੇਰੇ ਕਰੀਬ 11 ਵਜੇ ਸਰਹੱਦ ਪਾਰ ਗੋਲੀਬਾਰੀ ਕੀਤੀ| ਪਾਕਿਸਤਾਨੀ ਫੌਜ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ| ਇਸ ਗੋਲੀਬਾਰੀ ਵਿੱਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ| ਇਸ ਤੋਂ ਇਲਾਵਾ ਗੋਲੀਬਾਰੀ ਦੀ ਲਪੇਟ ਵਿਚ ਆਉਣ ਨਾਲ 4 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|