ਵਿਨੀ ਮਹਾਜਨ ਵੱਲੋਂ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰਥਾ ਵਧਾਉਣ ‘ਤੇ ਜ਼ੋਰ

ਆਲਮੀ ਬੈਂਕ ਦੇ ਨੁਮਾਇੰਦਿਆਂ ਨਾਲ ਗੋਲ-ਮੇਜ਼ ਕਾਨਫਰੰਸ ਦੌਰਾਨ ਕਮਿਊਨੀਕੇਸ਼ਨ ਸੰਚਾਰ ਸੈੱਲ ਕਾਇਮ ਕਰਨ ਦਾ ਦਿੱਤਾ ਸੁਝਾਅ
ਚੰਡੀਗੜ – ਆਲਮੀ ਬੈਂਕ ਦੀ ਸੰਚਾਰ ਟੀਮ ਨਾਲ ਅੱਜ ਇਥੇ ਪੰਜਾਬ ਭਵਨ ਵਿੱਚ ‘ਡਿਵੈੱਲਪਮੈਂਟ ਕਮਿਊਨੀਕੇਸ਼ਨ’ ਉਤੇ ਗੋਲ-ਮੇਜ਼ ਕਾਨਫਰੰਸ ਦੌਰਾਨ ਇੰਡਸਟਰੀਜ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰਥਾ ਵਿੱਚ ਵਾਧਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਅਤੇ ਪ੍ਰਾਜੈਕਟਾਂ ਦੀ ਸਫ਼ਲਤਾ ਲੋਕਾਂ ਦੇ ਮਨ ਵਿੱਚ ਉਨਾਂ ਪ੍ਰਤੀ ਬਣਨ ਵਾਲੀ ਧਾਰਨਾ ‘ਤੇ ਨਿਰਭਰ ਕਰਦੀ ਹੈ। ਇਸ ਲਈ ਸੰਚਾਰ ਦੀ ਮਜ਼ਬੂਤੀ ਨਾਲ ਹੀ ਲੋਕਾਂ ਦੇ ਧਾਰਨਾ ਨੂੰ ਮੋੜਾ ਦਿੱਤਾ ਜਾ ਸਕਦਾ ਹੈ ਤਾਂ ਹੀ ਉਹ ਯੋਜਨਾਵਾਂ ਦਾ ਲਾਹਾ ਲੈ ਸਕਦੇ ਹਨ।ਸੂਚਨਾ ਦੇ ਪਾਸਾਰ ਲਈ ਸੋਸ਼ਲ ਮੀਡੀਆ ਦੀ ਢੁਕਵੀਂ ਵਰਤੋਂ ‘ਤੇ ਜ਼ੋਰ ਦਿੰਦਿਆਂ ਵਿਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਸਾਰੇ ਵਿਭਾਗਾਂ ਦੀ ਸੰਚਾਰ ਸਮਰਥਾ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪ੍ਰਸ਼ਾਸਨਿਕ ਸੁਧਾਰ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੀ ਤਕਨੀਕੀ ਮਦਦ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਇਕ ਕਮਿਊਨੀਕੇਸ਼ਨ ਡਿਵੈੱਲਪਮੈਂਟ ਸੈੱਲ ਕਾਇਮ ਕੀਤਾ ਜਾਵੇ।ਇਸ ਤੋਂ ਪਹਿਲਾਂ ਆਲਮੀ ਬੈਂਕ ਦੀ ਸੰਚਾਰ ਟੀਮ ਦੇ ਸ੍ਰੀ ਸੁਦੀਪ ਮਜ਼ੂਮਦਾਰ ਅਤੇ ਸ੍ਰੀਮਤੀ ਸੋਨਾ ਠਾਕੁਰ ਵੱਲੋਂ ਕਈ ਪ੍ਰੋਜੈਕਟ ਪੇਸ਼ ਕੀਤੇ ਗਏ, ਜਿਨਾਂ ਨੂੰ ਚੰਗੀ ਸੰਚਾਰ ਰਣਨੀਤੀ ਕਾਰਨ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਸੂਬੇ ਦੇ ਵਿਕਾਸ ਵਿੱਚ ਸੰਚਾਰ ਦੀ ਵੱਡੀ ਭੂਮਿਕਾ ਬਾਰੇ ਦੱਸਦਿਆਂ ਉਨਾਂ ਸੁਝਆ ਦਿੱਤਾ ਕਿ ਪਬਲੀਸਿਟੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਚਾਰ ਦੀ ਲੋੜ ਅਤੇ ਉਸ ਦੇ ਉਦੇਸ਼ ਬਾਰੇ ਸਰਵੇਖਣ ਕਰ ਲੈਣਾ ਚਾਹੀਦਾ ਹੈ। ਆਲਮੀ ਬੈਂਕ ਦੇ ਨੁਮਾਇੰਦਿਆਂ ਨੇ ਅਜਿਹੇ ਸੰਚਾਰ ਸਰਵੇਖਣਾ ਲਈ ਹਰ ਸੰਭਵ ਤਕਨੀਕੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਗ਼ੈਰ-ਰਵਾਇਤੀ ਮੀਡੀਆ ਦੇ ਉਭਾਰ ਅਤੇ ਸੂਚਨਾ ਦੇ ਸੰਚਾਰ ਵਿੱਚ ਭੂਮਿਕਾ ਬਾਰੇ ਜਾਣੂ ਹੈ। ਉਨਾਂ ਦੱਸਿਆ ਕਿ ਸੰਚਾਰ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਮਾਹਿਰਾਂ ਦੀਆਂ ਸੇਵਾਵਾਂ ਲੈਣ ਬਾਰੇ ਇੱਕ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸੰਚਾਰ ਹੁਨਰ ਨੂੰ ਨਿਖਾਰਨ ਲਈ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਮੰਗ ਅਤੇ ਲੋੜ ਅਨੁਸਾਰ ਸਿਖਲਾਈ ਕਰਾਈ ਜਾਵੇਗੀ।ਇਸ ਕਾਨਫਰੰਸ ਦੌਰਾਨ ਵੱਖ ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰ, ਸਕੱਤਰ ਅਤੇ ਡਾਇਰੈਕਟਰ ਹਾਜ਼ਰ ਸਨ, ਜਿਨਾਂ ਵਿੱਚ ਰਾਜੀ ਪੀ. ਸ੍ਰੀਵਾਸਤਵ, ਸ੍ਰੀ ਆਰ.ਕੇ. ਵਰਮਾ, ਜਸਪ੍ਰੀਤ ਤਲਵਾੜ, ਸ੍ਰੀ ਕ੍ਰਿਸ਼ਨ ਕੁਮਾਰ, ਅਨਿੰਦਿਤਾ ਮਿਤਰਾ, ਤਨੂ ਕਸ਼ਯਪ, ਸ੍ਰੀ ਡੀ.ਐਸ. ਮਾਂਗਟ, ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਸ੍ਰੀ ਮੋਹਿੰਦਰ ਪਾਲ, ਸ੍ਰੀ ਪੁਨੀਤ ਗੋਇਲ ਅਤੇ ਸ੍ਰੀ ਐਨ.ਕੇ. ਸ਼ਰਮਾ ਹਾਜ਼ਰ ਸਨ।