December 8, 2024
#ਪੰਜਾਬ

ਪੰਜਾਬ ਦੀ ਆਰਥਿਕ ਵਿਵਸਥਾ ਨੂੰ ਹੁਲਾਰਾ ਦੇਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਸਹਿਕਾਰਤਾ ਵਿਭਾਗ ਦੀ ਸਾਂਝੇਦਾਰੀ

ਆਈ.ਓ.ਸੀ ਵਲੋਂ ਸਹਿਕਾਰਤਾ ਮੰਤਰੀ ਦੀ ਹਾਜ਼ਰੀ ਵਿਚ ਗੁਰਦਾਸਪੁਰ, ਨਕੋਦਰ ਅਤੇ ਭੋਗਪੁਰ ਖੰਡ ਮਿੱਲਾਂ ਵਿਖੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ ਸੌਂਪਿਆ ਗਿਆ

ਚੰਡੀਗੜ – ”ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਆਪਸੀ ਸਹਿਯੋਗ ਨਾਲ ਰਲ਼ ਕੇ ਕੰਮ ਕਰਨਾ ਪੰਜਾਬ ਦੇ ਅਰਥਚਾਰੇ ਦੀ ਮਜ਼ਬੂਤੀ ਲਈ ਇਕ ਸ਼ੁੱਭ ਸੰਕੇਤ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਗੁਰਦਾਸਪੁਰ, ਨਕੋਦਰ ਅਤੇ ਭੋਗਪੁਰ ਖੰਡ ਮਿੱਲਾਂ ਵਿਖੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ ਸੌਂਪਣ ਮੌਕੇ ਕੀਤਾ।ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਸਹਿਕਾਰਤਾ ਖੇਤਰ ਦੁਨੀਆਂ ਭਰ ਦੇ ਮੌਜੂਦਾ ਆਰਥਿਕ ਢਾਂਚੇ ਨੂੰ ਬਦਲਣ ਲਈ ਇਕ ਮਹੱਤਵਪੂਰਨ ਅੰਗ ਵਜੋਂ ਉਭਰ ਰਿਹਾ ਹੈ ਅਤੇ ਇਸ ਮੌਕੇ ਲੈਟਰ ਆਫ਼ ਇੰਟੈਂਟ ਪ੍ਰਦਾਨ ਕਰਨਾ ਸੂਬੇ ਦੀਆਂ ਸਹਿਕਾਰਤਾ ਸੰਸਥਾਵਾਂ ਜਿਵੇਂ ਕਿ ਮਾਰਕਫੈਡ, ਮਿਲਕ ਫੈਡ, ਸ਼ੂਗਰ ਫੈਡ ਦੀ ਆਮਦਨ ਵਧਾਉਣ ਵਿਚ ਚੋਖਾ ਯੋਗਦਾਨ ਪਾ ਸਕਦਾ ਹੈ। ਇਹ ਸਾਰੀਆਂ ਸਹਿਕਾਰੀ ਸੰਸਥਾਵਾਂ ਇਹਨਾਂ ਆਊਟਲੈਟਸ ‘ਤੇ ਆਪਣੇ ਉਤਪਾਦ ਵੇਚ ਸਕਣਗੀਆਂ।ਇਹ ਜਿਕਰਯੋਗ ਹੈ ਕਿ ਹਾਲ ਹੀ ਵਿਚ ਸਹਿਕਾਰਤਾ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਿਚਕਾਰ ਸਹਿਕਾਰੀ ਸੰਸਥਾਵਾਂ ਵਿਖੇ ਥਾਲੀ ਪਈ ਥਾਂ ‘ਤੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ ਸੀ। ਅਜਿਹਾ ਸਮਝੌਤਾ ਦੇਸ਼ ਭਰ ਵਿਚ ਕਿਸੇ ਸੂਬੇ ਦੇ ਸਹਿਕਾਰਤਾ ਵਿਭਾਗ ਵਲੋਂ ਪਹਿਲੀ ਵਾਰ ਕੀਤਾ ਗਿਆ ਹੈ। ਇਸ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਇਹਨਾਂ ਆਊਟਲੈਟਾਂ ਦੀ ਉਸਾਰੀ ਲਈ ਢਾਂਚਾ ਤਿਆਰ ਕਰੇਗੀ। ਮੋਰਿੰਡਾ ਖੰਡ ਮਿੱਲ ਸਬੰਧੀ ਲੈਟਰ ਆਫ਼ ਇੰਟੈਂਟ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ।ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ (ਫਰੀਦਕੋਟ) ਸ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਵਿਧਾਇਕ (ਜਲੰਧਰ ਕੈਂਟ) ਸ. ਪਰਗਟ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਅਮਰੇਂਦਰ ਸਿੰਘ ਅਤੇ ਡਿਪਟੀ ਜਨਰਲ ਮੈਨੇਜਰ ਸ੍ਰੀ ਤਹਿਸੀਨ ਰਿਆਜ਼, ਕਾਰਪੋਰਟਿਵ ਸੁਸਾਇਟੀਆਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਮੈਨਿਜਿੰਗ ਡਾਇਰੈਕਟਰ ਸ੍ਰੀ ਵਰੁਨ ਰੂਜਮ, ਸ਼ੂਗਰਫੈਡ ਦੇ ਐਮ.ਡੀ. ਸ੍ਰੀ ਦਵਿੰਦਰ ਸਿੰਘ, ਸ਼ੂਗਰਫੈਡ ਦੇ ਡਿਪਟੀ ਚੀਫ਼ ਇੰਜੀਨੀਅਰ ਸ੍ਰੀ ਕਮਲਜੀਤ ਸਿੰਘ ਮੌਜੂਦ ਸਨ।