March 27, 2025
#ਪੰਜਾਬ

ਨਦੀਆਂ ਅਤੇ ਵਾਤਾਵਰਣ ਬਚਾਉਣ ਲਈ ਰੁੱਖ ਅਤਿਅੰਤ ਜ਼ਰੂਰੀ: ਸਾਧੂ ਸਿੰਘ ਧਰਮਸੋਤ

ਹਿਮਾਲੀਅਨ ਰਿਸਰਚ ਇੰਸਟੀਚਿਊਟ, ਸ਼ਿਮਲਾ ਵੱਲੋਂ ਪੰਜਾਬ ਦੀਆਂ ਮੁੱਖ ਨਦੀਆਂ ਨੂੰ ਬਚਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ

ਚੰਡੀਗੜ – ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਅਜੋਕੇ ਸਮੇਂ ਵਿੱਚ ਨਦੀਆਂ ਅਤੇ ਵਾਤਾਵਰਣ ਬਚਾਉਣ ਲਈ ਰੁੱਖਾਂ ਦੀ ਜ਼ਰੂਰਤ ਅਤਿਅੰਤ ਜ਼ਰੂਰੀ ਹੋ ਗਈ ਹੈ। ਉਨਾਂ ਇਹ ਪ੍ਰਗਟਾਵਾ ਅੱਜ ਇੱਥੇ ਹਿਮਾਲੀਅਨ ਰਿਸਰਚ ਇੰਸਟੀਚਿਊਟ, ਸ਼ਿਮਲਾ ਵੱਲੋਂ ਪੰਜਾਬ ਦੀਆਂ ਮੁੱਖ ਨਦੀਆਂ ਸਤਲੁਜ, ਰਾਵੀ, ਬਿਆਸ ਕਿਨਾਰੇ ਜੰਗਲ ਵਧਾ ਕੇ ਇਨਾਂ ਨਦੀਆਂ ਨੂੰ ਬਚਾਉਣ ਲਈ ਆਯੋਜਿਤ ਕੀਤੀ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਧਰਮਸੋਤ ਨੇ ਦੱਸਿਆ ਕਿ ਲੋਕਾਂ ਨੂੰ ਜੀਵਨ ਵਿੱਚ ਖਾਣਾ, ਪਹਿਰਾਵਾ ਤਾਂ ਵੱਖ-ਵੱਖ ਹੋ ਸਕਦਾ ਹੈ ਪਰ ਪਾਣੀ ਅਤੇ ਵਾਤਾਵਰਣ ਦੀ ਸਭ ਨੂੰ ਇੱਕੋ ਜਿਹੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਰੁੱਖ ਆਪਣੇ ਜੀਵਨ ਕਾਲ ਦੀ ਸ਼ੁਰੂਆਤ ਤੋਂ ਹੀ ਫ਼ਲ, ਫੁੱਲ, ਛਾਂ ਦਿੰਦੇ ਹੋਏ ਵਾਤਾਵਰਣ ਦੀ ਸ਼ੁੱਧਤਾ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਜੀਵਨ ਕਾਲ ਦੇ ਅੰਤ ਤੋਂ ਬਾਅਦ ਵੀ ਕਈ ਤਰਾਂ ਨਾਲ ਮਨੁੱਖ ਦੇ ਕੰਮ ਆਉਂਦਾ ਹੈ। ਉਨਾਂ ਕਿਹਾ ਕਿ ਰੁੱਖ ਸਾਡੀ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ।ਸ. ਧਰਮਸੋਤ ਨੇ ਦੱਸਿਆ ਕਿ ਦੇਸ਼ ਵੰਡ ਤੋਂ ਪਹਿਲਾਂ ਪੰਜਾਬ ਪੂਰਾ ਹਰਿਆ ਭਰਿਆ ਜੰਗਲਾਤ ਸੀ। ਉਨਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਮਗਰੋਂ ਅਨਾਜ ਸਬੰਧੀ ਵਿਦੇਸ਼ਾਂ ‘ਤੇ ਨਿਰਭਰਤਾ ਨੂੰ ਖਤਮ ਕਰਕੇ ਆਤਮ ਨਿਰਭਰ ਹੋਣ ਲਈ ਇੰਨਾ ਜ਼ਿਆਦਾ ਅਨਾਜ ਪੈਦਾ ਕੀਤਾ ਕਿ ਦੇਸ਼ ਵਿਚ ਅਨਾਜ ਸੰਭਾਲਣ ਲਈ ਗੁਦਾਮ ਬਣਾਉਣੇ ਪੈ ਗਏ ਪਰ ਇਸ ਪ੍ਰਕਿਰਿਆ ਵਿੱਚ ਪੰਜਾਬ ਦੇ ਜੰਗਲ ਖਤਮ ਹੋਣ ਲੱਗ ਗਏ। ਉਨਾਂ ਦੱਸਿਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪਿਛਲੇ 2 ਸਾਲਾਂ ਦੌਰਾਨ ਲੱਖਾਂ ਬੂਟੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ।ਜੰਗਲਾਤ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਗਾਏ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 9000 ਹਜ਼ਾਰ ਪਿੰਡਾਂ ਵਿੱਚ 56 ਲੱਖ ਬੂਟੇ ਲਗਾਏ ਜਾ ਚੁੱਕੇ ਹਨ, ਜਦਕਿ ਬਾਕੀ ਰਹਿੰਦੇ ਲਗਭੱਗ 4000 ਪਿੰਡਾਂ ‘ਚ 30 ਸਤੰਬਰ ਤੱਕ ਲਾ ਦਿੱਤੇ ਜਾਣਗੇ। ਉਨਾਂ ਨੇ ਸੂਬੇ ਭਰ ‘ਚ ਬੂਟੇ ਲਗਾਉਣ ਅਤੇ ਬੂਟਿਆਂ ਦੀ ਸਂਭ-ਸੰਭਾਲ ਲਈ ਧਾਰਮਿਕ ਸੰਸਥਾਵਾਂ ਨੂੰ ਸ਼ਮੂਲੀਅਤ ਅਤੇ ਸਹਿਯੋਗ ਅਪੀਲ ਵੀ ਕੀਤੀ।ਇਸ ਤੋਂ ਪਹਿਲਾਂ ਪ੍ਰਧਾਨ ਮੁੱਖ ਵਣ ਪਾਲ ਸ੍ਰੀ ਜਤਿੰਦਰ ਸ਼ਰਮਾ ਨੇ ਹਿਮਾਲਿਅਨ ਰਿਸਰਚ ਇੰਸਟੀਚਿਊਟ, ਸ਼ਿਮਲਾ ਸ਼ੁਰੂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਪੰਜਾਬ ਵਿੱਚ 100 ਸਾਲ ਪਹਿਲਾਂ ਜ਼ਮੀਨ, ਪਾਣੀ ਅਤੇ ਨਦੀਆਂ ਬਚਾਉਣ ਲਈ ਪੰਜਾਬ ਭੂੰਮੀ ਰੱਖਿਆ ਐਕਟ ਲਾਗੂ ਕੀਤਾ ਗਿਆ ਸੀ। ਇਸ ਵਰਕਸ਼ਾਪ ਵਿੱਚ ਜੰਗਲਾਤ ਵਿਭਾਗ ਪੰਜਾਬ ਤੋਂ ਇਲਾਵਾ ਚੰਡੀਗੜ, ਹਿਮਾਚਲ ਪ੍ਰਦੇਸ਼ ਆਦਿ ਦੇ ਵਣ ਵਿਭਾਗ ਅਤੇ ਦੂਜੇ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਮਾਹਿਰਾਂ ਨੇ ਭਾਗ ਲਿਆ।