ਸਾਧੂ ਸਿੰਘ ਧਰਮਸੋਤ ਨੇ 22 ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ
ਨਵੀਆਂ ਨਿਯੁਕਤੀਆਂ ਨਾਲ ਦਫ਼ਤਰੀ ਅਮਲੇ ਦੀ ਘਾਟ ਹੋਵੇਗੀ ਪੂਰੀ
ਐਸ.ਏ.ਐਸ. ਨਗਰ – ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਅੰਬੇਦਕਰ ਭਵਨ ਫ਼ੇਜ਼ 3ਬੀ2 ਵਿੱਚ 22 ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ। ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਅਧੀਨ ਸੇਵਾਵਾਂ ਬੋਰਡ ਵੱਲੋਂ ਚੋਣ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਨੂੰ 22 ਨਵੇਂ ਕਲਰਕ ਮਿਲੇ ਹਨ, ਜਿਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਇਨਾਂ ਨਿਯੁਕਤੀਆਂ ਨਾਲ ਜਿੱਥੇ ਦਫ਼ਤਰੀ ਅਮਲੇ ਦੀ ਘਾਟ ਦੂਰ ਹੋਵੇਗੀ, ਉੱਥੇ ਹੀ ਵਿਭਾਗ ਦੀ ਕਾਰਜ ਕੁਸ਼ਲਤਾ ਵੀ ਵਧੇਗੀ।ਕੈਬਨਿਟ ਮੰਤਰੀ ਨੇ ਨਵੇਂ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨੌਜਵਾਨ ਲੜਕੇ/ਲੜਕੀਆਂ ਦੇਸ਼ ਦਾ ਭਵਿੱਖ ਹਨ ਅਤੇ ਇਨਾਂ ਵੱਲੋਂ ਲਗਨ ਤੇ ਮਿਹਨਤ ਨਾਲ ਕੀਤੀ ਸੇਵਾ ਨਾਲ ਦੇਸ਼ ਹੋਰ ਅੱਗੇ ਵਧੇਗਾ। ਉਨਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵਿੱਚ ਭਰਤੀ ਹੋਣ ਵਾਲੇ ਨਵੇਂ ਕਲਰਕ ਵਿਭਾਗ ਦੀ ਪ੍ਰਗਤੀ ਵਿੱਚ ਨਿੱਗਰ ਯੋਗਦਾਨ ਪਾਉਣਗੇ ਅਤੇ ਵਿਭਾਗ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ।ਇਸ ਮੌਕੇ ਸਮਾਜਿਕ ਨਿਆ ਅਧਿਕਾਰਤਾ ਘੱਟ ਗਿਣਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਅਤੇ ਜ਼ਿਲਾ ਭਲਾਈ ਅਫ਼ਸਰ ਸੁੱਖਸਾਗਰ ਸਿੰਘ ਹਾਜ਼ਰ ਸਨ।