September 5, 2024
#ਖੇਡਾਂ

ਭਾਰਤ ਅੱਜ ਕਰੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ

ਭਾਰਤੀ ਕ੍ਰਿਕਟ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੀਰਵਾਰ ਤੋਂ ਵੈਸਟ ਇੰਡੀਜ਼ ਖ਼ਿਲਾਫ਼ ਮੈਚ ਨਾਲ ਕਰੇਗੀ। ਭਾਰਤ ਜੇਕਰ ਮੇਜ਼ਬਾਨ ਨੂੰ ਹਰਾ ਦਿੰਦਾ ਹੈ ਤਾਂ ਬਤੌਰ ਕਪਤਾਨ ਵਿਰਾਟ ਕੋਹਲੀ ਦੀ ਇਹ 27ਵੀਂ ਟੈਸਟ ਜਿੱਤ ਹੋਵੇਗੀ ਅਤੇ ਉਹ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਵੇਗਾ। ਇਸ ਮੈਚ ਵਿੱਚ ਸੈਂਕੜਾ ਮਾਰਨ ’ਤੇ ਉਹ ਬਤੌਰ 19 ਟੈਸਟ ਸੈਂਕੜੇ ਦੇ ਰਿੱਕੀ ਪੌਂਟਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਵਿੱਚ ਇਲੀਟ ਦੇਸ਼ (ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਵੈਸਟ ਇੰਡੀਜ਼) ਅਗਲੇ ਦੋ ਸਾਲਾਂ ਵਿੱਚ 27 ਲੜੀਆਂ ਦੌਰਾਨ 71 ਟੈਸਟ ਮੈਚਾਂ ਵਿੱਚ ਖ਼ਿਤਾਬ ਲਈ ਚੁਣੌਤੀ ਪੇਸ਼ ਕਰਨਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਵਿੱਚ ਭਿੜਨਗੀਆਂ ਜੋ ਜੂਨ 2021 ਵਿੱਚ ਬਰਤਾਨੀਆ ਵਿੱਚ ਖੇਡਿਆ ਜਾਵੇਗਾ।ਕੋਹਲੀ, ਚੇਤੇਸ਼ਵਰ ਪੁਜਾਰਾ, ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਰਹਿੰਦਿਆਂ ਭਾਰਤੀ ਟੀਮ ਕਾਗ਼ਜ਼ਾਂ ਵਿੱਚ ਮਜ਼ਬੂਤ ਲੱਗ ਰਹੀ ਹੈ, ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਕੈਰੇਬਿਆਈ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ। ਐਂਟੀਗਾ ਦੇ ਸਰ ਵਿਵਿਅਨ ਰਿਚਰਡਜ਼ ਸਟੇਡੀਅਮ ਦੀ ਵਿਕਟ ਵੀ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਹੈ। ਇੱਥੇ ਪਿਛਲੇ ਟੈਸਟ ਵਿੱਚ ਇੰਗਲੈਂਡ ਦੀ ਟੀਮ 187 ਅਤੇ 132 ਦੌੜਾਂ ’ਤੇ ਢੇਰ ਹੋ ਗਈ ਸੀ, ਪਰ ਉਹ ਸਮਾਂ ਹੋਰ ਸੀ। ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਕੇਮਾਰ ਰੋਚ ਅਤੇ ਸ਼ੈਨੋਨ ਗੈਬਰੀਅਲ ਨੂੰ ਮਿਲਣ ਵਾਲੀ ਨਵੀਂ ਗੇਂਦ ਦੀ ਚੁਣੌਤੀ ਨਾਲ ਨਜਿੱਠਣ ਦਾ ਫ਼ਿਕਰ ਹੋਵੇਗਾ। ਪਿੱਚਾਂ ਵਿੱਚ ਰਫ਼ਤਾਰ ਤੇ ਉਛਾਲ ਹੋਣ ਕਾਰਨ ਕੋਹਲੀ ਚਾਰ ਮਾਹਿਰ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ। ਅਜਿਹੇ ਵਿੱਚ ਆਰ ਅਸ਼ਵਿਨ ਅਤੇ ਕੁਲਦੀਪ ਯਾਦ ਵਿੱਚੋਂ ਕਿਸੇ ਇੱਕ ਨੂੰ ਥਾਂ ਮਿਲੇਗੀ। ਤਿੰਨ ਤੇਜ਼ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਹੋਣਗੇ।