January 18, 2025
#ਪੰਜਾਬ

ਸਰਕਾਰੀਆ ਨੇ ਹੜ ਪ੍ਰਭਾਵਤ ਇਲਾਕਿਆਂ ਦੇ ਬਚਾਅ ਅਤੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

ਸਥਿਤੀ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਹੋਰ ਵਿੱਤੀ ਤਾਕਤਾਂ

ਚੰਡੀਗੜ – ਪੰਜਾਬ ਦੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸ਼ਾਮ ਨੂੰ ਜਲੰਧਰ ਜ਼ਿਲੇ ਦੇ ਪਿੰਡ ਮਾਊ ਸਾਹਿਬ ਅਤੇ ਮਿਉਵਾਲ ਵਿਖੇ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ।ਸ. ਸਰਕਾਰੀਆ ਨੂੰ ਸਤਲੁਜ ਦੇ ਕੰਢੇ ਜਿੱਥੇ ਪਏ ਪਾੜਾਂ ਨੂੰ ਪੂਰਨ ਦਾ ਕੰਮ ਚੱਲ ਰਿਹਾ ਸੀ, ਤੱਕ ਪਹੁੰਚਣ ਲਈ ਮੋਟਰਸਾਈਕਲ ਦੀ ਪਿਛਲੀ ਸੀਟ ’ਤੇ ਬੈਠ ਕੇ ਜਾਣਾ ਪਿਆ।ਮੌਕੇ ਦਾ ਜਾਇਜ਼ਾ ਲੈਣ ਦੌਰਾਨ ਮੰਤਰੀ ਨੇ ਖੇਤਰ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟਾਈ। ਸ. ਸਰਕਾਰੀਆ ਨੇ ਫਿਲੌਰ ਨੇੜਲੇ ਪਿੰਡ ਭੋਲੇਵਾਲ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ ਜਿੱਥੇ ਕਿ ਧੁੱਸੀ ਬੰਨ ਵਿੱਚ ਇੱਕ ਹੋਰ ਪਾੜ ਪਿਆ ਹੋਇਆ ਸੀ। ਉਨਾਂ ਅਧਿਕਾਰੀਆਂ ਨੂੰ ਲੋਕਾਂ ਦੀ ਜਾਨ, ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਾ ਛੱਡਣ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਰੂਪਵਾਲ ਅਤੇ ਗਿੱਦੜਪਿੰਡੀ ਪਿੰਡਾਂ ਦਾ ਦੌਰਾ ਵੀ ਕੀਤਾ।ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸਰਵਜੀਤ ਸਿੰਘ ਨੇ ਦੱਸਿਆ ਕਿ ਸਤਲੁਜ ਕੰਢੇ ’ਤੇ ਚੱਲ ਰਹੇ ਹੰਗਾਮੀ ਮੁਰੰਮਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜ ਸਾਧਕ ਇੰਜੀਨੀਅਰਾਂ ਅਤੇ ਨਿਗਰਾਨ ਇੰਜੀਨੀਅਰਾਂ ਨੂੰ ਹੋਰ ਵਿੱਤੀ ਤਾਕਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਸਬੰਧਤ ਅਧਿਕਾਰੀਆਂ ਨੂੰ ਲੁਧਿਆਣਾ ਅਤੇ ਜਲੰਧਰ ਜ਼ਿਲਿਆਂ ਵਿਚਲੇ ਸਤਲੁਜ ਦੇ ਕੰਢਿਆਂ ’ਤੇ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਨਿਗਰਾਨ ਇੰਜੀਨੀਅਰਾਂ ਨੂੰ ਸਬੰਧਤ ਖੇਤਰ ਦੀ ਸਥਿਤੀ ਨਾਲ ਨਜਿੱਠਣ ਲਈ 2 ਕਰੋੜ ਰੁਪਏ ਤੱਕ ਦੀ ਖਰੀਦਦਾਰੀ ਅਤੇ ਲੇਬਰ ਜਟਾਉਣ ਦੀ ਵਿਸ਼ੇਸ਼ ਤਾਕਤ ਦਿੱਤੀ ਗਈ ਹੈ।