ਮੁੱਖ ਮੰਤਰੀ ਵੱਲੋਂ ਜਨਮਅਸ਼ਟਮੀ ਦੀ ਪੂਰਵ ਸੰਧਿਆ ‘ਤੇ ਨਫ਼ਰਤ ਦੀਆਂ ਹੱਦਾਂ ਤੋੜ ਦੇਣ ਦਾ ਸੱਦਾ

ਚੰਡੀਗੜ – ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਨਫ਼ਰਤ ਅਤੇ ਵੰਡੀਆਂ ਦੀਆਂ ਹੱਦਾਂ ਤੋੜ ਦੇਣ ਦਾ ਪ੍ਰਣ ਕਰਨ ਦੀ ਅਪੀਲ ਕੀਤੀ ਹੈ। ਜਨਮ ਅਸ਼ਟਮੀ ਦੀ ਤਿਉਹਾਰ ਮੌਕੇ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਸਹਿਮਤੀ ਵਾਲੇ ਮੌਜੂਦਾ ਮਾਹੌਲ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਦੀ ਹੋਰ ਵੀ ਵਧੇਰੇ ਸਾਰਥਿਕਤਾ ਹੈ ਕਿਉਂ ਜੋ ਅਜੋਕੇ ਮਾਹੌਲ ਨੇ ਜਾਤ ਅਤੇ ਭਾਈਚਾਰੇ ਦੀਆਂ ਲੀਹਾਂ ‘ਤੇ ਲੋਕਾਂ ਵਿੱਚ ਵੰਡੀਆਂ ਪਾਈਆਂ ਹਨ। ਉਨਾਂ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਤੰਦਾਂ ਹੋਰ ਮਜ਼ਬੂਤ ਕਰਨ ਲਈ ਸ੍ਰੀਮਦ ਭਾਗਵਤ ਗੀਤਾ ‘ਚ ਅੰਕਿਤ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਲੋਕ ਅੱਜ ਮਨੁੱਖਤਾ ਵੱਲੋਂ ਪਾਏ ਵਖਰੇਵਿਆਂ ਦੇ ਕਾਰਨ ਇਕ ਦੂਜੇ ਤੋਂ ਦੂਰ ਹੋਏ ਹਨ। ਉਨਾਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਾਂਤੀ ਅਤੇ ਮਿਲ-ਜੁਲ ਕੇ ਮਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਆਓ, ਭਗਵਾਨ ਕ੍ਰਿਸ਼ਨ ਦੇ ਫਲਸਫ਼ੇ ਨੂੰ ਅਪਣਾਉਂਦਿਆਂ ਖੁਸ਼ਹਾਲੀ ਅਤੇ ਸਦਭਾਵਨਾ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰੀਏ।