ਤਣਾਅ ਦੇ ਬਾਵਜੂਦ ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ : ਪਾਕਿ ਵਿਦੇਸ਼ ਮੰਤਰਾਲਾ

550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਕਰ ਰਿਹੈ ਵੱਡੇ ਜਸ਼ਨ ਦੀ ਤਿਆਰੀ
ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਮੁਤਾਬਕ ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕੋਰੀਡੋਰ ‘ਤੇ ਕੋਈ ਅਸਰ ਨਹੀਂ ਅਸਰ ਪਵੇਗਾ। ਦੋਹਾਂ ਦੇਸ਼ਾਂ ਵਿੱਚ ਤਣਾਅ ਦੇ ਬਾਵਜੂਦ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਕਰਤਾਰਪੁਰ ਕੋਰੀਡੋਰ ‘ਤੇ ਜਲਦੀ ਬੈਠਕ ਹੋਵੇਗੀ। ਕੋਰੀਡੋਰ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨਵੰਬਰ ਵਿੱਚ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਵਚਨਬੱਧ ਹੈ। ਗੌਰਤਲਬ ਹੈ ਕਿ ਭਾਰਤ ਵਾਲੇ ਪਾਸੇ ਵੀ ਕੋਰੀਡੋਰ ਦਾ ਕੰਮ ਜਾਰੀ ਹੈ। ਭਾਰਤ ਵੱਲੋਂ ਸਮੇਂ ਸੀਮਾ ਦੇ ਤਹਿਤ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ। ਇਸ ਦੌਰਾਨ ਲਹਿੰਦੇ ਪੰਜਾਬ ਦੇ ਸੂਚਨਾ ਤੇ ਸੱਭਿਆਚਾਰ ਸਕੱਤਰ ਰਾਜਾ ਜਹਾਂਗੀਰ ਨੇ ਆਪਣੇ ਸਾਰੇ ਵਿਭਾਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਇੱਕ ਹਫਤੇ ਦੇ ਅੰਦਰ ਦੇਣ ਲਈ ਕਿਹਾ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ ‘ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਖ਼ਬਰਾਂ ਮੁਤਾਬਿਕ ਪੰਜਾਬ ਸੂਬੇ ਦੀ ਇੱਕ ਪਹਿਲ ਹੈ, ਜਿਸ ਨਾਲ ਪਾਕਿਸਤਾਨ ਨੂੰ ਭਾਰਤੀ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੇ ਦੇਸ਼ ਵੱਲ ਖਿੱਚਣ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਕ ਇਸ ਸਬੰਧੀ ਇੱਕ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਇਸ ਯਾਤਰਾ ਦੇ ਰਸਤੇ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇੱਕ ਆਰਜੀ ਆਰਟ ਗੈਲਰੀ ਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਿੱਖਾਂ ਤੇ ਉਨ੍ਹਾਂ ਨਾਲ ਸਬੰਧਤ ਪੁਸਤਕਾਂ ਦੀ ਵੀ ਪ੍ਰਦਰਸ਼ਨੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਨਨਕਾਣਾ ਸਹਿਬ ਤੇ ਕਰਤਾਰਪੁਰ ‘ਚ ਸੰਗੀਤਕ ਤੇ ਥਿਏਟਰ ਸਬੰਧੀ ਪ੍ਰੋਗਰਾਮਾਂ ਦੀ ਵੀ ਤਿਆਰੀ ਹੈ। ਲਾਹੌਰ ਦੇ ਮਿਊਜ਼ੀਅਮ ‘ਚ ਇਸ ਦੌਰਾਨ ਸਿੱਖਾਂ ਸਬੰਧੀ ਕਾਰੀਗਰੀ ਤੇ ਸੱਭਿਆਚਾਰਕ ਪ੍ਰਦਰਸ਼ਨੀ ਵੀ ਲਾਈ ਜਾ ਸਕਦੀ ਹੈ।