ਮਾਇਆਵਤੀ ਵੱਲੋਂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਅਪੀਲ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਗਏ ਰਵਿਦਾਸ ਮੰਦਰ ਦੀ ਮੁੜ ਉਸਾਰੀ ਦੇ ਰਾਹ ਲੱਭਣ। ਮਾਇਆਵਤੀ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਪਹਿਲਾਂ ਭੀਮ ਆਰਮੀ ਦੇ ਮੁਖੀ ਚੰਦਰਸ਼ੇਖ਼ਰ ਆਜ਼ਾਦ ਅਤੇ 95 ਹੋਰਾਂ ਨੂੰ ਤੁਗਲਕਾਬਾਦ ਇਲਾਕੇ ’ਚ ਦੰਗੇ ਅਤੇ ਗ਼ੈਰਕਾਨੂੰਨੀ ਇਕੱਠ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ।ਬਸਪਾ ਸੁਪਰੀਮੋ, ਜਿਨ੍ਹਾਂ ਆਪਣੇ ਆਪ ਨੂੰ ਦਲਿਤਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਤੋਂ ਵੱਖ ਕਰ ਲਿਆ ਸੀ, ਨੇ ਸ਼ੁੱਕਰਵਾਰ ਨੂੰ ਭਗਤ ਰਵਿਦਾਸ ਦੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਕਾਨੂੰਨ ਆਪਣੇ ਹੱਥਾਂ ’ਚ ਨਾ ਲੈਣ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਕੇਂਦਰ ਅਤੇ ਦਿੱਲੀ ਸਰਕਾਰ ਨੂੰ ਵਿਚਕਾਰਲਾ ਰਾਹ ਲੱਭ ਕੇ ਸਰਕਾਰੀ ਖ਼ਰਚੇ ’ਤੇ ਮੰਦਰ ਦੀ ਮੁੜ ਉਸਾਰੀ ਕਰਨੀ ਚਾਹੀਦੀ ਹੈ ਤਾਂ ਜੋ ਢੁਕਵਾਂ ਇਨਸਾਫ਼ ਕੀਤਾ ਜਾ ਸਕੇ।