ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਸਬੰਧੀ
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ, ਬਟਾਲਾ, ਡੇਰਾ ਬਾਬਾ ਨਾਨਕ ਦੇ ਢਾਂਚਾਗਤ ਵਿਕਾਸ ਲਈ ਖਰਚੇ ਜਾ ਰਹੇ ਹਨ 58 ਕਰੋੜ ਰੁਪਏ : ਬ੍ਰਹਮ ਮਹਿੰਦਰਾ
ਚੰਡੀਗੜ – ”ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਲਈ, ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾ ਬਾਬਾ ਨਾਨਕ ਸ਼ਹਿਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿੱਚ ਭਾਗ ਲੈਣ ਜਾ ਰਹੇ ਲੱਖਾਂ ਸ਼ਰਧਾਲੂਆਂ ਨੂੰ ਮੁੱਢਲੀਆਂ ਜ਼ਰੂਰਤਾਂ ਮੁਹੱਈਆ ਕਰਾਉਣ ਲਈ 58 ਕਰੋੜ ਰੁਪਏ ਖਰਚੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਨਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਦਾ ਕੰਮ 65 ਤੋਂ 80 ਫੀਸਦੀ ਨੇਪਰੇ ਚਾੜਿਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਸਤੰਬਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਅੱਜ ਇਕ ਪ੍ਰੈਸ ਬਿਆਨ ਰਾਹੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦਿੱਤੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾ ਬਾਬਾ ਨਾਨਕ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਰੱਖੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਇਸ ਇਤਿਹਾਸਕ ਸ਼ਹਿਰ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਦੁਬਾਰਾ ਬਣਾਈਆਂ ਗਈਆਂ ਹਨ ਅਤੇ ਸ਼ਹਿਰ ਵਿਚਲੀਆਂ ਸਾਰੀਆਂ ਸਟ੍ਰੀਟ ਲਾਈਟਾਂ ਦੀ ਥਾਂ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ ਜਦਕਿ ਪੂਰੇ ਸ਼ਹਿਰ ਵਿੱਚ 450 ਨਵੀਂਆਂ ਐੱਲ.ਈ.ਡੀ. ਸਟ੍ਰੀਟ ਲਾਈਟਾਂ ਹੋਰ ਲਗਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਸ਼ਹਿਰ ਦੇ ਅੱਠ ਮੁੱਖ ਚੌਕਾਂ ਵਿੱਚ 16 ਮੀਟਰ ਉੱਚੀਆਂ ਅੱੈਲ.ਈ.ਡੀ. ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਸੇ ਤਰਾਂ 20 ਅਤਿ-ਆਧੁਨਿਕ ਸਥਾਈ ਜਨਾਨਾ ਤੇ ਮਰਦਾਨਾ ਪਖਾਨਿਆਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਸ਼ਹਿਰ ਵਿੱਚ ਰਸਤੇ ਦੀ ਜਾਣਕਾਰੀ ਸਬੰਧੀ ਬੋਰਡ ਵੀ ਲਗਾਏ ਗਏ ਹਨ। ਇਸੇ ਤਰਾਂ ਸ਼ਰਧਾਲੂਆਂ ਨੂੰ ਸ਼ਹਿਰ ਵਿੱਚ ਆਸਾਨੀ ਨਾਲ ਤੁਰਨ-ਫਿਰਨ ਲਈ ਸੜਕਾਂ ਦੇ ਕੰਢੇ ਇੰਟਰਲਾਕਿੰਗ ਟਾਈਲ ਵੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਲਾਕੇ ਵਿੱਚ ਸਵੱਛਤਾ ਤੇ ਸਫ਼ਾਈ ਨੂੰ ਕਾਇਮ ਰੱਖਣ ਲਈ ਲੰਗਰ, ਪਾਰਕਿੰਗ ਅਤੇ ਹੋਰ ਥਾਵਾਂ ‘ਤੇ ਕੁਲ 240 ਕੂੜਾਦਾਨ ਵੀ ਰੱਖੇ ਗਏ ਹਨ। ਉਨਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਦੌਰਾਨ ਸਫ਼ਾਈ ਕਾਰਜਾਂ ਨੂੰ ਹੋਰ ਪੁਖ਼ਤਾ ਬਣਾਉਣ ਲਈ 4350 ਸਫ਼ਾਈ ਸੇਵਕਾਂ, ਸੀਵਰੇਜ ਕਰਮਚਾਰੀਆਂ ਅਤੇ ਟਰਾਲੀ ਕਰਮਚਾਰੀਆਂ ਆਦਿ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਪੀ.ਐਮ.ਆਈ.ਡੀ.ਸੀ. ਵੱਲੋਂ ਕਾਮੇ ਭਰਤੀ ਕੀਤੇ ਜਾ ਰਹੇ ਹਨ ਜਿਸ ਸਬੰਧੀ 28 ਅਗਸਤ ਨੂੰ ਟੈਂਡਰ ਮੰਗਿਆ ਜਾਣਾ ਹੈ। ਉਨਾਂ ਦੱਸਿਆ ਕਿ ਠੋਸ ਕੂੜੇ (ਸੌਲਿਡ ਵੇਸਟ) ਦੇ ਪ੍ਰਬੰਧਨ ਦਾ ਕੰਮ ਅਗਸਤ ਦੇ ਅਖੀਰਲੇ ਹਫ਼ਤੇ ਵਿੱਚ ਇਕ ਮਸ਼ਹੂਰ ਕੰਪਨੀ ਨੂੰ ਅਲਾਟ ਕੀਤਾ ਜਾਵੇਗਾ। ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਮਿਊਂਸਿਪਲ ਕੌਂਸਲ ਨੂੰ ਤਿੰਨ ਟਾਟਾ ਟਿੱਪਰ ਅਤੇ ਇਕ ਜੇ.ਸੀ.ਬੀ. ਮਸ਼ੀਨ ਵੀ ਮੁਹੱਈਆ ਕਰਵਾਈ ਜਾਵੇਗੀ ਜਦਕਿ 40 ਰਿਕਸ਼ਾ ਰੇਹੜੀਆਂ ਅਤੇ 45 ਈ-ਰਿਕਸ਼ਾ ਵੀ ਕੌਂਸਲ ਨੂੰ ਉਪਲਬਧ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ ਕੁਲ 64 ਵਿਕਾਸ ਕਾਰਜ ਚਲਾਏ ਜਾ ਰਹੇ ਹਨ ਜਿਨਾਂ ਦਾ 65 ਤੋਂ 80 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਸਤੰਬਰ ਮਹੀਨੇ ਦੇ ਅਖੀਰ ਤੱਕ ਹਰ ਹਾਲ ‘ਚ ਨੇਪਰੇ ਚੜਾ ਦਿੱਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 82 ਵਿਕਾਸ ਕਾਰਜ ਚਲਾਏ ਜਾ ਰਹੇ ਹਨ। ਜਿਨਾਂ ਵਿੱਚੋਂ 31 ਕੰਮ 100 ਫੀਸਦੀ ਮੁਕੰਮਲ ਕਰ ਲਏ ਗਏ ਹਨ ਅਤੇ ਬਾਕੀ ਬੱਚਦੇ ਕੰਮ 30 ਸਤੰਬਰ, 2019 ਤੱਕ ਮੁਕੰਮਲ ਕਰ ਲਏ ਜਾਣਗੇ। ਇਸੇ ਤਰਾਂ ਡੇਰਾ ਬਾਬਾ ਨਾਨਕ ਵਿੱਚ ਵੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੱਤ ਵਿਕਾਸ ਕਾਰਜ ਵਿੱਢ ਗਏ ਹਨ ਜੋ ਕਿ 30 ਸਤੰਬਰ, 2019 ਤੱਕ ਮੁਕੰਮਲ ਕਰ ਲਏ ਜਾਣਗੇ। ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਨੂ ਪ੍ਰਸਾਦ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ-ਕਮ-ਪੰਜਾਬ ਮਿਊਂਸਿਪਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ, ਸਥਾਨਕ ਸਰਕਾਰਾਂ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।