September 9, 2024
#ਪੰਜਾਬ

ਰਾਜਪਾਲ ਬਦਨੌਰ ਵੱਲੋਂ ਅਰੁਣ ਜੇਤਲੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੰਲੋਂ ਉੱਘੇ ਬੀ.ਜੇ.ਪੀ. ਨੇਤਾ ਅਤੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਪਣੇ ਸੋਗ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਅਰੁਣ ਜੇਤਲੀ ਦੇ ਜਾਣ ਨਾਲ ਰਾਸ਼ਟਰ ਨੇ ਵਿਲੱਖਣ ਨੇਤਾ, ਪਰਪੱਖ ਬੁਲਾਰਾ, ਯੋਗ ਸ਼ਾਸਕ ਅਤੇ ਮਾਹਰ ਕਾਨੂੰਨਦਾਨ ਗਵਾ ਲਿਆ ਹੈ। ਗਵਰਨਰ ਨੇ ਕਿਹਾ ਸ੍ਰੀ ਜੇਤਲੀ ਅਜਿਹੇ ਇਨਸਾਨ ਸਨ ਜੋ ਸੂਝ ਅਤੇ ਅਗਵਾਈ ਵਾਲੇ ਵਿਸ਼ੇਸ਼ ਗੁਣ ਰੱਖਦੇ ਸਨ। ਇਸ ਨੂੰ ਇਕ ਵੱਡਾ ਘਾਟਾ ਦੱਸਦਿਆਂ ਰਾਜਪਾਲ ਨੇ ਕਿਹਾ ਕਿ ਸ੍ਰੀ ਜੇਤਲੀ ਦੇ ਦੇਹਾਂਤ ਨਾਲ ਜੋ ਖਲਾਅ ਪੈਦਾ ਹੋਇਆ ਹੈ ਉਸ ਨੂੰ ਕਿਸੇ ਤਰਾਂ ਵੀ ਭਰਿਆ ਨਹੀਂ ਜਾ ਸਕਦਾ। ਭਾਰਤ ਦੇ ਵਿੱਤ ਮੰਤਰੀ ਵਜੋਂ ਉਨਾਂ ਦੇ ਪਾਏ ਪੂਰਨੇ ਅਤੇ ਆਰਥਿਕ ਸੁਧਾਰ ਲਾਸਾਨੀ ਹਨ। ਉਹ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਜਮਹੂਰੀਅਤ ਰਵੱਈਏ ਪ੍ਰਤੀ ਸੁਹਿਰਦਤਾ ਨਾਲ ਸਮਰਪਿਤ ਸਨ ਅਤੇ ਰਾਸ਼ਟਰ ਉਨਾਂ ਨੂੰ ਹਮੇਸ਼ਾ ਯਾਦ ਰੱਖੇਗਾ।ਰਾਜਪਾਲ ਨੇ ਇਸ ਮੁਸ਼ਕਲ ਘੜੀ ਵਿੱਚ ਅਰੁਣ ਜੇਤਲੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।