November 30, 2024

ਕਪੂਰਥਲਾ ਦੇ ਰਾਹਤ ਕਾਰਜਾਂ ਵਿੱਚ 5 ਐਂਬੂਲੈਂਸਾਂ, 20 ਮੈਡੀਕਲ ਟੀਮਾਂ ਅਤੇ 16 ਕਿਸ਼ਤੀਆਂ ਕੀਤੀਆਂ ਸ਼ਾਮਲ

ਦੋ ਦਿਨਾਂ ‘ਚ 1600 ਰਾਸ਼ਨ ਪੈਕਟਾਂ ਸਮੇਤ 20 ਲਿਟਰ ਵਾਲੀਆਂ ਪਾਣੀ ਦੀਆਂ ਕੈਨਾਂ ਵੰਡੀਆਂ
ਚੰਡੀਗੜ – ਕਪੂਰਥਲਾ ਵਿੱਚ ਹੜਾਂ ਕਰਕੇ ਹੋਏ ਭਾਰੀ ਨੁਕਸਾਨ ਨਾਲ ਨਜਿੱਠਣ ਲਈ 5 ਐਂਬੂਲੈਂਸਾਂ , 20 ਮੈਡੀਕਲ ਟੀਮਾਂ ਅਤੇ 16 ਕਿਸ਼ਤੀਆਂ ਉਪਲਬਧ ਕਰਵਾਈਆਂ ਗਈਆਂ ਹਨ ਤਾਂ ਜੋ ਬਚਾਅ ਕਾਰਜਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ ਜਦਕਿ ਦੋ ਦਿਨਾਂ ‘ਚ 1600 ਰਾਸ਼ਨ ਦੇ ਪੈਕਟਾਂ ਸਮੇਤ 20 ਲੀਟਰ ਦੀਆਂ ਪਾਣੀ ਦੀਆਂ ਕੈਨਾਂ ਵੀ ਵੰਡੀਆਂ ਗਈਆਂ , ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ। 5 ਐਂਬੂਲੈਂਸਾਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾ ਦਿੱਤੀਆਂ ਗਈਆਂ ਅਤੇ 4 ਹੋਰ ਐਂਬੁਲੈਂਸਾਂ ਇੱਕ ਦਿਨ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ।ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ 20 ਪਿੰਡ-ਵਾਰ ਟੀਮਾਂ ਵੱਲੋਂ 1100 ਰਾਸ਼ਨ ਪੈਕਟਾਂ ਸਮੇਤ 20 ਲੀਟਰ ਪਾਣੀ (3 ਦਿਨਾਂ ਲਈ ਕਾਫੀ) ਵੰਡੇ ਗਏ ਜਦਕਿ 500 ਰਾਸ਼ਨ ਪੈਕਟ ਸ਼ਨੀਵਾਰ ਨੂੰ ਵੰਡੇ ਗਏ , ਇਸ ਨਾਲ ਲਗਭਗ ਸਾਰੀ ਹੜ ਪ੍ਰਭਾਵਿਤ ਆਬਾਦੀ ਨੂੰ ਲਾਭ ਮਿਲੇਗਾ।ਕਪੂਰਥਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀ 20 ਟੀਮਾਂ ਜਿਸ ਵਿੱਚ ਫੂਡ ਸਪਲਾਈ , ਸਿਹਤ, ਪਸ਼ੂ ਪਾਲਣ ਅਤੇ ਮਾਲ ਵਿਭਾਗ ਦੇ ਨਾਲ ਸਰਪੰਚ ਵੀ ਸ਼ਾਮਲ ਹਨ, ਨੂੰ ਜ਼ਿਲੇ ਦੇ ਸਭ ਤੋਂ ਵੱਧ ਹੜ ਪ੍ਰਭਾਵਿਤ ਪਿੰਡਾਂ (ਹਰ ਪਿੰਡ ‘ਚ 1 ਟੀਮ )ਵਿੱਚ ਲਗਾਇਆ ਗਿਆ ਹੈ। ਇਹ ਟੀਮਾਂ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਪਾਣੀ ਵਿੱਚ ਫਸੇ ਪੀੜਤਾਂ ਦੀ ਹਰ ਕਿਸਮ ਨਾਲ ਸਹਾਇਤਾ ਕਰ ਰਹੀਆਂ ਹਨ। ਟੀਮਾਂ ਵੱਲੋਂ 680 ਮਰੀਜ਼ਾਂ ਅਤੇ 249 ਪਸ਼ੂਆਂ ਦੀ ਜਾਂਚ ਤੇ ਇਲਾਜ ਕੀਤਾ ਗਿਆ ਹੈ।ਪਿੰਡ ਸ਼ੇਰਪੁਰ ਵਿੱਚ ਰਾਸ਼ਨ ਡਿੱਪੂ ‘ਤੇ ਹੋਈ ਝੜਪ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।ਸਥਾਨਕ ਪ੍ਰਸ਼ਾਸਨ ਵੱਲੋਂ ਦਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਾਣਾ ਮੰਡੀ, ਸੁਲਤਾਨਪੁਰ ਲੋਧੀ ਵਿਖੇ ਸਥਾਪਤ ਕੀਤੇ ਇਕੱਤਰਤਾ ਤੇ ਡਿਸਪੈਚ ਕੇਂਦਰ ਵਿੱਚ ਸੁੱਕਾ ਰਾਸ਼ਨ ਪਹੁੰਚਾਉਣ। ਐਸਡੀਐਮ ਕਪੂਰਥਲਾ ਨੂੰ ਜ਼ਿਲਾ ਹੜ ਰਾਹਤ ਅਫ਼ਸਰ ਜਦਕਿ ਜ਼ਿਲਾ ਫੂਡ ਤੇ ਸਿਵਲ ਸਪਲਾਈ ਕੰਟ੍ਰੋਲਰ ਨੂੰ ਸਹਾਇਕ ਜ਼ਿਲਾ ਹੜ ਰਾਹਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ।